ਭੁੱਚੋ ਮੰਡੀ, 22 ਨਵੰਬਰ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਜ਼ਿਲ੍ਹਾ ਮੀਟਿੰਗ ਸਥਾਨਕ ਮਿੳਾੂਸੀਪਲ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿਚ ਹੋਈ, ਵਿਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸ਼ੁਰੂਆਤ ਵਿਚ ਮਰਹੂਮ ਬਲਾਕ ਪ੍ਰਧਾਨ ਮਹਿੰਦਰ ਸਿੰਘ ਕੱਲੂ ਨੂੰ ਸ਼ਰਧਾਂਜਲੀ ਦਿੱਤੀ ਗਈ | ਆਗੂਆਂ ਨੇ ਕਿਹਾ ਕਿ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਮੰਗਾਂ ਨੂੰ ਲੈ ਕੇ ਦਿੱਤੇ ਜਾਣ ਵਾਲੇ ਧਰਨੇ ਵਿਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਦਿੱਲੀ ਘੋਲ ਸਮੇਂ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਾਉਣ ਲਈ ਜਿਵੇਂ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਅਤੇ ਪੱਤਰਕਾਰਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਚਲਦੇ ਘੋਲ ਦੌਰਾਨ ਝੂਠੇ ਕੇਸ ਵਾਪਸ ਕਰਾਉਣ ਲਈ ਜੱਥੇਬੰਦੀ ਨਾਲ ਜੋ ਸਹਿਮਤੀ ਬਣੀ ਸੀ ਕਿ ਬਿਜਲੀ ਸੋਧ ਬਿੱਲ ਲਾਗੂ ਨਹੀਂ ਕੀਤਾ ਜਾਵੇਗਾ, ਨੂੰ ਪੁਗਾਇਆ ਜਾਵੇ | ਜੱਥੇਬੰਦੀ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿਲ-2025 ਸੂਬਿਆਂ ਤੋਂ ਲਾਗੂ ਕਰਵਾਉਣ ਜਾ ਰਹੀ ਹੈ, ਤਾਂ ਜੋ ਗਿਣੀ ਮਿਥੀ ਯੋਜਨਾ ਤਹਿਤ ਬਿਜਲੀ ਬੋਰਡਾਂ/ਪਾਰਵਕਾਮ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਸਕੇ | ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਨੂੰ ਤੁਰੰਤ ਵਾਪਸ ਲਿਆ ਜਾਵੇ, ਜਿਨ੍ਹਾਂ ਸੂਬਿਆਂ ਨੇ ਲਾਗੂ ਕੀਤਾ ਉਨ੍ਹਾਂ ਖ਼ਿਲਾਫ਼ ਵੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕਿਸਾਨਾਂ ਦੀਆਂ 23 ਫ਼ਸਲਾਂ 'ਤੇ ਐੱਮ.ਐੱਸ.ਪੀ. ਦੇਣ, ਭਾਖੜਾ ਡੈਮ 'ਤੇ ਪੰਜਾਬ ਦਾ ਹੱਕ ਬਰਕਰਾਰ ਰੱਖਣ, ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਤੁਰੰਤ ਕਰਵਾਈਆਂ ਜਾਣ, ਪੰਜਾਬ ਦੇ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਦਰਜ ਕੀਤੇ ਕੇਸ ਵਾਪਸ ਲੈਣ ਦੀਆਂ ਮੰਗਾਂ ਕੀਤੀਆਂ ਗਈਆਂ | ਸਰਬ ਸੰਮਤੀ ਨਾਲ ਪਾਸ ਮਤਿਆਂ ਵਿਚ ਮਨਦੀਪ ਕੌਰ ਵਕੀਲ ਨੂੰ ਧਮਕੀਆਂ ਦੇਣ ਵਾਲਿਆਂ 'ਤੇ ਕਾਰਵਾਈ ਕਰਨ, ਬਲਾਕ ਆਗੂ ਗੁਰਦੀਪ ਸਿੰਘ ਦੀ ਜ਼ਮੀਨ ਦਾ ਕਬਜ਼ਾ ਬਰਕਰਾਰ ਰੱਖਣ ਲਈ ਭਗਤਾ ਵਿਖੇ ਕਾਫ਼ਲਿਆਂ ਨਾਲ ਪਹੁੰਚਣ ਦਾ ਐਲਾਨ ਅਤੇ ਫ਼ੰਡ ਇਕੱਤਰ ਕਰਨ ਸੰਬੰਧੀ ਇਕਾਈਆਂ ਨੂੰ ਹਦਾਇਤ ਕੀਤੀ | ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਨਾਹਰ ਸਿੰਘ ਭਾਈਰੂਪਾ, ਗੁਰਦੀਪ ਸਿੰਘ ਨਾਥਪੁਰਾ, ਸੁਰਜੀਤ ਸਿੰਘ ਰੋਮਾਣਾ ਬਲਾਕ ਆਗੂ ਨਥਾਣਾ, ਰਾਮਪੁਰਾ ਬਲਾਕ ਦੇ ਸਰਦੂਲ ਸਿੰਘ, ਸੁਖਵਿੰਦਰ ਸਿੰਘ ਅਤੇ ਜਗਦੀਸ਼ ਸਿੰਘ ਰਾਮਪੁਰਾ, ਸੰਗਤ ਬਲਾਕ ਦੇ ਬੰਤਾ ਸਿੰਘ, ਸਕੱਤਰ ਇਕਬਾਲ ਸਿੰਘ ਪਥਰਾਲਾ, ਲਾਭ ਸਿੰਘ, ਬਲਾਕ ਫੂਲ ਦੇ ਗੁਰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੇ ਆਗੂ ਵੀ ਸ਼ਾਮਿਲ ਹੋਏ |