ਬੁਢਲਾਡਾ, 22 ਨਵੰਬਰ (ਸਵਰਨ ਸਿੰਘ ਰਾਹੀ)-ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੇ ਅਨੰਨਿ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸੰਗਤੀ ਰੂਪ ਵਿਚ ਕੀਤੇ ਗਏ ਸ੍ਰੀ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਰੌਸ਼ਨੀ ਪਾਉਂਦਿਆਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਸੁਣਾ ਕੇ ਨਿਹਾਲ ਕੀਤਾ | ਸੰਬੋਧਨ ਕਰਦਿਆਂ ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਅਤੇ ਸਾਬਕਾ ਏ.ਆਈ.ਜੀ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਗੁਰਮਤਿ ਸਮਾਗਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਵੱਲੋਂ ਜ਼ੁਲਮ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਕੀਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਸੀ | ਸ਼ਹਾਦਤ ਦਿਵਸ ਨੂੰ ਸਮਰਪਿਤ ਲਗਾਏ ਖ਼ੂਨਦਾਨ ਕੈਂਪ 'ਚ ਐਨ.ਐਸ.ਐਸ. ਤੇ ਐਨ.ਸੀ.ਸੀ. ਦੇ 100 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ | ਕਾਲਜ ਵਿਦਿਆਰਥੀਆਂ ਸਮੇਤ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਦਿਖਾਏ, ਜਿਨ੍ਹਾਂ ਨੂੰ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ ਨਾਲ ਸੰਬੰਧਿਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਕਾਲਜ ਸਟਾਫ਼, ਵਿਦਿਆਰਥੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਪੰਚ-ਸਰਪੰਚ ਤੇ ਪਤਵੰਤੇ ਹਾਜ਼ਰ ਸਨ |