ਭੁੱਚੋ ਮੰਡੀ, 22 ਨਵੰਬਰ (ਪਰਵਿੰਦਰ ਸਿੰਘ ਜੌੜਾ)-ਭਾਜਪਾ ਮਹਿਲਾ ਵਿੰਗ ਵਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਕੀਤੀ ਜਾਣ ਵਾਲੀ ਰੈਲੀ 'ਚ ਸ਼ਮੂਲੀਅਤ ਲਈ ਤੁੰਗਵਾਲੀ ਤੋਂ ਭਾਜਪਾ ਐੱਸ.ਸੀ. ਮੋਰਚਾ ਵਲੋਂ ਮਹਿਲਾ ਵਰਕਰਾਂ ਦੀ ਭਰੀ ਹੋਈ ਬੱਸ ਰਵਾਨਾ ਹੋਈ | ਭਾਜਪਾ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਸੋਨੀ ਅਤੇ ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਬਠਿੰਡਾ ਦੀ ਮੀਤ ਪ੍ਰਧਾਨ ਜਗਸੀਰ ਕੌਰ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਬੜੇ ਜੋਰ ਸ਼ੋਰ ਨਾਲ ਕੀਤਾ ਸੀ, ਤੋਂ ਪ੍ਰਭਾਵਿਤ ਹੋ ਕੇ ਸੂਬੇ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ 'ਆਪ' ਨੂੰ ਵੋਟਾਂ ਪਾ ਕੇ ਬਹੁ ਗਿਣਤੀ ਨਾਲ ਇਸ ਪਾਰਟੀ ਦੀ ਸਰਕਾਰ ਬਣਾਈ ਸੀ | ਦੂਜੇ ਪਾਸੇ ਕਰੀਬ ਪੌਣੇ ਚਾਰ ਸਾਲ ਬੀਤਣ 'ਤੇ ਵੀ ਭਗਵੰਤ ਮਾਨ ਸਰਕਾਰ ਵਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਦੋਂ ਸਰਕਾਰ ਦਾ ਸਵਾ ਕੁ ਸਾਲ ਬਾਕੀ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਹਰ ਔਰਤ ਦਾ ਸਰਕਾਰ ਵੱਲ 4400 ਰੁਪਏ ਬਕਾਇਆਂ ਖੜ੍ਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਔਰਤਾਂ ਨਾਲ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |