ਸੰਗਰੂਰ, 22 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸਵ. ਸੰਤ ਰਾਮ ਸਿੰਗਲਾ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪਾਂ ਦੀ ਲੜੀ ਤਹਿਤ ਡਾ. ਅੰਬੇਦਕਰ ਕਮਿਊਨਿਟੀ ਹਾਲ, ਅੰਬੇਦਕਰ ਨਗਰ, ਸੁਨਾਮੀ ਗੇਟ, ਸੰਗਰੂਰ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਕੈਂਪ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਦੇ ਪਿਤਾ ਸਵ. ਸੰਤ ਰਾਮ ਸਿੰਗਲਾ ਜੀ ਦੀ ਨਿੱਘੀ ਯਾਦ ਵਿਚ ਲਗਾਤਾਰ ਚਲਾਏ ਜਾ ਰਹੇ ਹਨ, ਜੋ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ | ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਵਿਸ਼ੇਸ਼ ਚੈੱਕਅਪ ਕਰ ਮੁਫ਼ਤ ਚਸ਼ਮੇ ਅਤੇ ਚਮੜੀ ਦੇ ਰੋਗਾਂ ਦੀਆਂ ਦਵਾਈਆਂ ਵੰਡੀਆਂ ਗਈਆਂ | ਨਾਲ ਹੀ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਰਾਹੀਂ ਮੁਫ਼ਤ ਲੈਂਜ਼ ਪਵਾਉਣ ਦੀ ਸਹੂਲਤ ਵੀ ਦਿੱਤੀ ਗਈ | ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਮਨੁੱਖਤਾ ਦੀ ਸੇਵਾ ਦੇ ਕਾਰਜ ਦੌਰਾਨ ਸਿੰਗਲਾ ਪਰਿਵਾਰ ਵਲੋਂ ਜਿੱਥੇ ਖ਼ੁਦ ਮਰੀਜ਼ਾਂ ਦੀ ਸੇਵਾ ਕੀਤੀ ਗਈ, ਉੱਥੇ ਹੀ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਵਿਸ਼ੇਸ਼ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ |