ਬੋਹਾ 'ਚ ਕਰੋੜਾਂ ਦੀ ਲਾਗਤ ਨਾਲ ਸਥਾਪਿਤ ਸੀਵਰੇਜ ਪ੍ਰਬੰਧ 9 ਸਾਲਾਂ ਬਾਅਦ ਵੀ ਨਹੀਂ ਚੱਲਿਆ <br/>
ਅਜੀਤ ਡੈਸਕ
24-11-2025
ਬੋਹਾ, 23 ਨਵੰਬਰ- 20 ਹਜ਼ਾਰ ਦੀ ਆਬਾਦੀ ਵਾਲੇ ਕਸਬਾ ਬੋਹਾ ਵਿਖੇ 2016 ਵਿਚ ਲੋਕਾਂ ਦੀ ਮੰਗ 'ਤੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਨਗਰ ਪੰਚਾਇਤ ਦਾ ਦਰਜਾ ਦੇ ਕੇ ਇੱਥੇ ਸੀਵਰੇਜ ਪ੍ਰਬੰਧ ਸਥਾਪਤ ਕੀਤਾ, ਜਿਸ ਦੀ ਪੂਰਤੀ ਲਈ 43 ਕਰੋੜ ਰੁਪਏ ਮਨਜ਼ੂਰ ਕੀਤੇ ਗਏ | ਇਸ ਸੀਵਰੇਜ ਦਾ ਠੇਕਾ ਕਿਸੇ ਦੂਜੇ ਰਾਜ ਦੀ ਕੰਪਨੀ ਨੂੰ ਦਿੱਤਾ ਗਿਆ | ਵਾਰ-ਵਾਰ ਟੈਂਡਰ ਪਾਉਣ 'ਤੇ ਵੀ ਸਬੰਧਿਤ ਠੇਕੇਦਾਰ ਦਾ ਮੰਡੀ ਦੇ ਲੋਕਾਂ ਨਾਲ ਤਾਲਮੇਲ ਨਾ ਬੈਠ ਸਕਿਆ | ਆਖ਼ਰ ਹਿੰਦੀ ਭਾਸ਼ੀ ਠੇਕੇਦਾਰ ਨੇ ਸਥਾਨਕ ਪੱਧਰ ਤੋਂ ਪੰਜਾਬੀ ਭਾਸ਼ੀ ਮਜ਼ਦੂਰ ਲੈ ਕੇ ਕਸਬੇ ਦੀਆਂ ਸਾਰੀਆਂ ਗਲੀਆਂ, ਬਾਜਾਰ, ਸੜਕਾਂ ਨੂੰ ਜੇ.ਸੀ.ਬੀ ਮਸ਼ੀਨਾਂ ਨਾਲ ਬੁਰੀ ਤਰ੍ਹਾਂ ਪੁੱਟ ਦਿੱਤਾ | ਪੁੱਟ-ਪੁਟਾਈ ਤੋਂ ਬਾਅਦ ਸਥਾਨਕ ਕੁਝ ਗੈਰ ਠੇਕੇਦਾਰ ਬੰਦੇ ਰੱਖ ਕੇ ਬਗੈਰ ਤਕਨੀਕ ਅਤੇ ਵਿਉਂਤਬੰਦੀ ਤੋਂ ਸੜਕਾਂ 'ਤੇ ਜ਼ਮੀਨਦੋਜ਼ ਪਾਈਪਾਂ ਪਾ ਕੇ ਇੱਟਾਂ ਦੀ ਚਿਣਵਾਈ ਕਰਦਿਆਂ ਥਾਂ-ਥਾਂ ਡੰਪਰ ਬਣਾ ਦਿੱਤੇ | ਸੀਵਰੇਜ ਦੇ ਇਸ ਮੁੱਖ ਕੰਮ ਸਮੇਂ ਪਾਈਪਾਂ ਪਾਉਣ ਦੇ ਪੱਧਰ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ | ਉੱਚੀਆਂ, ਨੀਵੀਂਆਂ ਪਾਈਪਾਂ ਪੈਣ ਨਾਲ ਥਾਂ-ਥਾਂ ਜ਼ਮੀਨਦੋਜ਼ ਪਾਣੀ ਲੰਘਣ 'ਚ ਰੁਕਾਵਟ ਪੈਣੀ ਸ਼ੁਰੂ ਹੋਈ, ਜੋ ਸੀਵਰੇਜ ਪ੍ਰਬੰਧ ਨੂੰ ਲੈ ਬੈਠੀ |
ਸੀਵਰੇਜ ਪਾਣੀ ਦਾ ਵਹਾਅ ਗਲਤ ਪਾਸੇ
ਸੀਵਰੇਜ ਪਾਣੀ ਦਾ ਵਹਾਅ ਗਲਤ ਪਾਸੇ ਵੱਲ ਕੀਤਾ ਗਿਆ | ਸ਼ਹਿਰ ਦੀ ਅੰਦਰੂਨੀ ਗਲੀਆਂ-ਸੜਕਾਂ ਜੋ ਨੀਵੀਂਆਂ ਹਨ, ਨੂੰ ਪੱਧਰਾ ਨਹੀਂ ਕੀਤਾ ਗਿਆ | ਸੀਵਰੇਜ ਪ੍ਰਬੰਧ ਦਾ ਮੁੱਖ ਡੰਪ ਸ਼ੇਰਖਾਂ ਵਾਲਾ ਸੰਪਰਕ ਸੜਕ 'ਤੇ ਬਣਾ ਕੇ ਪਾਣੀ ਦਾ ਵਹਾਅ ਉਧਰ ਕੀਤਾ ਗਿਆ ਹੈ, ਜਿੱਥੇ ਉੱਚੀ ਜਗ੍ਹਾ ਹੋਣ ਕਾਰਨ ਤੇਜ਼ੀ ਨਾਲ ਪਾਣੀ ਦਾ ਜਾਣਾ ਮੁਸ਼ਕਿਲ ਹੈ |
ਲੋਕਾਂ ਦਾ ਨੁਕਸਾਨ
ਸੀਵਰੇਜਪ੍ਰਬੰਧ ਸਥਾਪਤ ਕਰਨ ਵੇਲੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਇੰਜੀਨੀਅਰਾਂ, ਠੇਕੇਦਾਰਾਂ ਦੇ ਜੇ.ਈਜ਼ ਅਤੇ ਨਗਰ ਪੰਚਾਇਤ ਦੇ ਤਕਨੀਕੀ ਮਾਹਿਰਾਂ ਦਾ ਤਾਲਮੇਲ ਬਹੁਤ ਜ਼ਰੂਰੀ ਸੀ ਪਰ ਇਹ ਤਾਲਮੇਲ ਕਦੇ ਵੀ ਬਣਦਾ ਨਹੀਂ ਵੇਖਿਆ ਗਿਆ | ਜੇ.ਸੀ.ਬੀ ਨੂੰ ਮੁੱਖ ਰੱਖ ਕੇ ਕੀਤੀ ਅੰਨੇ੍ਹਵਾਹ ਪੁਟਾਈ ਨਾਲ ਸਾਰੇ ਲੋਕਾਂ ਦੇ ਘਰਾਂ ਦੀਆਂ ਜਲ ਘਰ ਦੀਆਂ ਟੂਟੀਆਂ, ਜ਼ਮੀਨਦੋਜ਼ ਮੁੱਖ ਪਾਈਪਾਂ ਜੇ.ਸੀ.ਬੀ ਨੇ ਪੁੱਟ ਕੇ ਖਿਲਾਰ ਦਿੱਤੀਆਂ | ਇਸੇ ਤਰਾਂ ਮੁੱਢ ਤੋਂ ਰਹੀਆਂ ਤਕਨੀਕੀ ਗ਼ਲਤੀਆਂ ਸਦਕਾ ਇੱਥੋਂ ਦੇ ਸੀਵਰੇਜ ਪ੍ਰਬੰਧ ਦਾ ਹਾਲੇ ਤੱਕ ਉਦਘਾਟਨ ਨਹੀਂ ਹੋ ਸਕਿਆ | ਲੋਕਾਂ ਨੇ ਆਪ ਮੁਹਾਰੇ ਵਾਟਰ ਸਪਲਾਈ ਕਾਮਿਆਂ ਨੂੰ ਕਹਿ ਸੁਣ ਕੇ ਆਪੋ-ਆਪਣੇ ਪਾਣੀ ਦੇ ਕੁਨੈਕਸ਼ਨ ਜੁੜਵਾਏ, ਜੋ ਲੰਬਾ ਸਮਾਂ ਨਹੀਂ ਚੱਲ ਸਕੇ | ਲੋਕਾਂ ਦੇ ਘਰੇਲੂ ਟੂਟੀ ਕੁਨੈਕਸ਼ਨ ਵਾਲੀਆਂ ਲੋਹੇ ਦੀਆਂ ਪਾਈਪਾਂ ਵੀ ਲੋਕ ਲੈ ਗਏ |
ਸੀਵਰੇਜ ਅਜੇ ਵੀ ਨਹੀਂ ਚੱਲਿਆ
ਅਨੇਕਾਂ ਤਕਨੀਕੀ ਨੁਕਸਾਂ ਕਰ ਕੇ ਸੀਵਰੇਜ ਵਿਚ ਚੈਂਬਰਾਂ ਰਾਹੀਂ ਗਿਆ ਪਾਣੀ ਖੁੱਲ੍ਹ ਕੇ ਨਹੀਂ ਚੱਲਿਆ | ਸ਼ਹਿਰ ਦਾ ਕਬਾੜ ਚੈਂਬਰਾਂ ਰਾਹੀਂ ਸੀਵਰੇਜ ਵਿਚ ਫਸਦਾ ਹੈ, ਜਿਸ ਨਾਲ ਸੀਵਰੇਜ ਵਿਚਲਾ ਪਾਣੀ ਅੱਗੇ ਨਹੀ ਜਾਂਦਾ | ਕਈ ਲੋਕ ਘਰਾਂ ਦਾ ਕੂੜਾ ਅਤੇ ਗੋਹਾ ਆਦਿ ਵੀ ਨਾਲਿਆਂ ਵਿਚ ਰੋੜ ਦਿੰਦੇ ਹਨ | ਇਨ੍ਹਾਂ ਚੈਂਬਰਾਂ ਨੂੰ ਸਾਫ਼ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ | ਸਗੋਂ ਜਿਸ ਘਰ ਕੋਲ ਚੈਂਬਰ ਲੱਗਾ ਹੈ, ਉਸੇ ਘਰ ਦੇ ਜੀਅ ਇਨ੍ਹਾਂ ਚੈਂਬਰਾਂ ਵਿਚੋਂ ਗੰਦਗੀ ਹਟਾਉਂਦੇ ਵੇਖੇ ਗਏ ਹਨ | ਲੋਕਾਂ ਵਲੋਂ ਕੀਤੇ ਸਮਾਗਮਾਂ ਆਦਿ ਵੇਲੇ ਵਰਤੇ ਗਏ ਪਲਾਸਟਿਕ ਬਰਤਨ ਵੀ ਨਾਲਿਆਂ ਵਿਚ ਰੋੜ ਦਿੱਤੇ ਜਾਂਦੇ ਹਨ | ਨਗਰ ਪੰਚਾਇਤ ਦੇ ਅਧਿਕਾਰੀਆਂ ਵਲੋਂ ਕਦੇ ਵੀ ਲੋਕਾਂ ਨੂੰ ਕਿਤੇ ਰੋਕਿਆ ਨਹੀਂ ਜਾਂਦਾ | ਇਹ ਪਲਾਸਟਿਕ ਤੇ ਗਲੇ ਸੜੇ ਫਲ, ਸਬਜ਼ੀਆਂ ਸੀਵਰੇਜ ਡਾਫ ਬਣ ਕੇ ਇਸ ਨੂੰ ਬੰਦ ਕਰ ਰਹੇ ਹਨ | ਕੁਝ ਲੋਕਾਂ ਨੇ ਘਰਾਂ ਦਾ ਪਾਣੀ ਆਪਣੇ ਤੌਰ 'ਤੇ ਸੀਵਰੇਜ ਵਿਚ ਪਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਅੱਧ ਤੋਂ ਵੱਧ ਸੀਵਰੇਜ ਹਾਲੇ ਨਹੀਂ ਚੱਲ ਸਕਿਆ |
ਪਖਾਨਿਆਂ ਦੀ ਸੜ੍ਹਾਂਦ
ਲੋਕਾਂ ਦੇ ਘਰਾਂ ਵਿਚ ਬਣੇ ਹੋਏ ਪਖਾਨਿਆਂ ਵਿਚਲਾ ਗੰਦ ਵੀ ਸਿੱਧੇ ਤੌਰ 'ਤੇ ਨਾਲਿਆਂ ਵਿਚ ਡਿਗਦਾ ਹੈ | ਸਵੇਰੇ ਸ਼ਾਮ ਗਲੀਆਂ ਵਿਚ ਪਖਾਨਿਆਂ ਦੀ ਬਦਬੂ ਫੈਲ ਜਾਂਦੀ ਹੈ, ਜਿਸ ਨਾਲ ਲੋਕਾਂ ਦਾ ਖੜ੍ਹਨਾ-ਬੈਠਣਾ ਦੁੱਭਰ ਹੋ ਜਾਂਦਾ ਹੈ | ਮੀਂਹ ਦੇ ਮੌਸਮ ਵਿਚ ਤਾਂ ਨਾਲਿਆਂ ਦਾ ਪਾਣੀ ਗਲੀਆਂ ਵਿਚ ਫੈਲ ਜਾਂਦਾ ਹੈ ਅਤੇ ਇਸ ਪਾਣੀ ਵਿਚੋਂ ਲੰਘਣ ਵਾਲੇ ਲੋਕਾਂ ਦੇ ਪੈਰ, ਲੱਤਾਂ ਗੰਦੀ ਗੈਸ ਨਾਲ ਖ਼ਰਾਬ ਹੋ ਜਾਂਦੀਆਂ ਹਨ |
ਜਲ ਘਰ ਦੀਆਂ ਪਾਈਪਾਂ ਲੀਕ
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਪ੍ਰਬੰਧ ਦੀਆਂ ਖ਼ਾਮੀਆਂ ਦੂਰ ਕਰ ਕੇ ਅਤੇ ਜਲ ਘਰ ਦੀਆਂ ਜ਼ਮੀਨਦੋਜ਼ ਪਾਈਪਾਂ ਦੀ ਥਾਂ-ਥਾਂ ਹੁੰਦੀ ਲੀਕੇਜ ਬੰਦ ਕਰਵਾਈ ਜਾਵੇ | ਲੋਕਾਂ ਵਲੋਂ ਖ਼ੁਦ ਹੀ ਲਗਾਈਆਂ ਟੂਟੀਆਂ ਵੇਲੇ ਇਹ ਪਾਈਪਾਂ ਲੀਕ ਹੋਈਆਂ ਹਨ ਅਤੇ ਟੂਟੀਆਂ ਛੱਡਣ ਵੇਲੇ ਪੀਣ ਵਾਲਾ ਪਾਣੀ ਸੀਵਰੇਜ ਪਾਣੀ ਵਿਚ ਮਿਲ ਜਾਂਦਾ ਹੈ | ਸ਼ਹਿਰ ਵਿਚ ਸੀਵਰੇਜ ਤੇ ਸਫ਼ਾਈ ਕਾਮਿਆਂ ਦੀ ਘਾਟ ਹੈ ਅਤੇ ਜਲ ਘਰ 'ਤੇ ਵੀ ਮੁਲਾਜ਼ਮ ਪੂਰੀ ਨਹੀਂ ਹਨ | ਬੋਹਾ ਮੰਡੀ ਦੇ ਸੀਵਰੇਜ ਪ੍ਰਬੰਧ ਨੂੰ ਜੇਕਰ ਸਹੀ ਨਾ ਕੀਤਾ ਗਿਆ ਤਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ |