ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਮਾਲ ਰੋਡ ਸਥਿਤ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਹੀਦ ਮੇਜਰ ਇੰਦਰ ਸਿੰਘ ਸੰਧੂ ਦੀ ਮਾਤਾ ਪਰਮਿੰਦਰ ਕੌਰ ਸੰਧੂ ਸੇਵਾ-ਮੁਕਤ ਪਿ੍ੰਸੀਪਲ, ਰਵੀ ਇੰਦਰ ਦੀ ਧਰਮ-ਪਤਨੀ ਡਾ. ਤਨਵੀਰ ਕੌਰ, ਬੇਟਾ ਰਣ ਅਜੈ ਸਿੰਘ ਅਤੇ ਮੈਡਮ ਸੁਰਿੰਦਰ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਕੂਲ ਪਿ੍ੰਸੀਪਲ ਕੁਲਵਿੰਦਰ ਸਿੰਘ ਢਿੱਲੋਂ ਨੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਦੀ ਦੇਸ ਪ੍ਰਤੀ ਸੇਵਾ ਅਤੇ ਬਲੀਦਾਨ ਨੂੰ ਯਾਦ ਕੀਤਾ ਅਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ | ਸ਼ਹੀਦ ਮੇਜਰ ਸੰਧੂ ਦੀ ਮਾਤਾ ਪਰਮਿੰਦਰ ਕੌਰ ਵਲੋਂ ਆਪਣੇ ਪੁੱਤਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਜਿਥੇ ਦੇਸ਼ ਸੇਵਾ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ, ਉਥੇ ਉਨ੍ਹਾਂ ਨੂੰ ਪੜ੍ਹ ਲਿਖ ਕੇ ਆਪਣਾ ਭਵਿੱਖ ਬਣਾਉਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਮੇਜਰ ਰਵੀ ਇੰਦਰ ਸਿੰਘ ਸੰਧੂ ਦੇ ਪਰਿਵਾਰ ਵਲੋਂ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਰਿਵਾਰ ਵਲੋਂ ਸਕੂਲ ਦੀ ਬਿਹਤਰੀ ਦੇ ਕੰਮਾਂ ਲਈ 51000 ਰੁਪਏ ਦਾ ਦਾਨ ਦਿੱਤਾ ਗਿਆ | ਵਿਦਿਆਰਥਣਾਂ ਵਲੋਂ ਵੱਖ-ਵੱਖ ਪ੍ਰੋਗਰਾਮਾਂ ਪੇਸ਼ ਕਰਕੇ ਆਪਣੀ ਕਲਾ ਦੇ ਰੰਗ ਬਿਖੇਰੇ | ਪਰਮਿੰਦਰ ਕੌਰ ਸੰਧੂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਲਈ 5000 ਰੁਪਏ ਵਿਸ਼ੇਸ਼ ਤੌਰ 'ਤੇ ਦਿੱਤੇ ਗਏ | ਮੈਡਮ ਸੁਰਿੰਦਰ ਕੌਰ ਵਲੋਂ ਇਸ ਮੌਕੇ ਸ਼ਹੀਦ ਮੇਜਰ ਰਵੀ ਇੰਦਰ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਸਟੇਜ ਸੰਚਾਲਨ ਅਮਨਦੀਪ ਸਿੰਘ ਅਤੇ ਗੁਲਵਿੰਦਰ ਕੌਰ ਨੇ ਕੀਤਾ |