ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)-'ਹਿੰਦ ਦੀ ਚਾਦਰ' ਵਜੋਂ ਜਾਣੇ ਜਾਂਦੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹੀਦੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣ ਦੇ ਨਾਲ ਹੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਰਸਮੀ ਤੌਰ 'ਤੇ ਸ਼ੁਰੂ ਹੋ ਗਏ ਹਨ ਜਦੋਂਕਿ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਗੁਰਗੱਦੀ ਦਿਵਸ ਨੂੰ ਸਮਰਪਿਤ ਕਰਕੇ ਵੀ ਗੁਰਮਤਿ ਸਮਾਗਮ ਕਰਵਾਇਆ ਗਿਆ | ਅੱਜ ਪਹਿਲਾਂ ਕਲਗ਼ੀਧਰ ਦਸਮੇਸ਼ ਪਿਤਾ ਦੇ 350 ਸਾਲਾਂ ਗੁਰਗੱਦੀ ਦਿਵਸ ਨੂੰ ਸਮਰਪਿਤ ਕਰਕੇ ਕਰਵਾਏ ਧਾਰਮਿਕ ਸਮਾਗਮ ਚ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸ਼ਬਦ ਗਾਇਨ ਕੀਤਾ ਜਦੋਂਕਿ ਪ੍ਰਚਾਰਕ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦਿੱਤੇ ਜਾਣ ਸਮੇਂ ਦੇ ਵਿਰਤਾਂਤ ਨੂੰ ਇਤਿਹਾਸਿਕ ਸ੍ਰੋਤਾਂ ਦੇ ਹਵਾਲੇ ਨਾਲ ਸੰਗਤਾਂ ਦੇ ਸਨਮੁੱਖ ਰੱਖਿਆ | ਸਮਾਗਮ ਉਪਰੰਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਕਰਵਾਏ ਅੰਮਿ੍ਤ ਸੰਚਾਰ ਦੌਰਾਨ 412 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗੇ | ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਅੰਮਿ੍ਤ ਸੰਚਾਰ ਕਰਨ ਵਾਲੇ ਪ੍ਰਾਣੀਆਂ ਨੂੰ ਵਧਾਈ ਦਿੰਦਿਆਂ ਹੋਰਨਾਂ ਸੰਗਤਾਂ ਨੂੰ ਵੀ ਬਾਣੀ ਤੇ ਬਾਣੇ ਦੇ ਧਾਰਣੀ ਬਣਨ ਦੀ ਅਪੀਲ ਕੀਤੀ | ਉੱਧਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਕੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਤਖਤ ਸਾਹਿਬ ਦੇ ਗੁ: ਦਮਦਮਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਨ ਦੇ ਨਾਲ ਹੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਰਸਮੀ ਆਰੰਭ ਹੋ ਗਏ | ਅਰਦਾਸ ਉਪਰੰਤ ਗੱਲਬਾਤ ਕਰਦਿਆਂ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਮੁੱਖ ਸਮਾਗਮ 25 ਨਵੰਬਰ ਨੂੰ ਹੋਣਗੇ | ਉਨ੍ਹਾਂ ਨੇ ਸੰਗਤਾਂ ਨੂੰ ਮੁੱਖ ਸਮਾਗਮਾਂ 'ਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ, ਤਖਤ ਸਾਹਿਬ ਮੈਨੇਜਰ ਭਾਈ ਨਰਿੰਦਰਜੀਤ ਸਿੰਘ, ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਆਫ਼ਿਸ, ਸ਼੍ਰੋਮਣੀ ਕਮੇਟੀ ਸਬ ਆਫ਼ਿਸ ਇੰਚਾਰਜ ਮਨਿੰਦਰ ਸਿੰਘ, ਭਾਈ ਬਲਜੀਤ ਸਿੰਘ ਗੁ: ਜੰਡਸਰ ਸਾਹਿਬ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਸਨ |