ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਸਥਾਨਕ ਕਿਸਾਨਾਂ ਨੇ ਮਿਸਲ ਸਤਲੁਜ ਯੂਨਿਟ ਰੂਪਨਗਰ ਦੇ ਨਾਲ ਮਿਲ ਕੇ ਕਿਸਾਨਾਂ ਲਈ ਖੁੱਲੀਆਂ ਕਿਸਾਨ 'ਆਪਣੀ ਮੰਡੀਆਂ' ਵਿਚ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ | ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਕੀਤੀ ਅਤੇ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਰਾਹੀਂ ਦਿੱਤਾ ਗਿਆ | ਕਿਸਾਨਾਂ ਨੇ ਦੱਸਿਆ ਕਿ 1987 ਵਿਚ ਸ਼ੁਰੂ ਕੀਤੀ ਗਈਆਂ 'ਆਪਣੀ ਮੰਡੀਆਂ' ਦਾ ਮਕਸਦ ਖੇਤਾਂ ਤੋਂ ਉਗਾਈ ਗਈ ਤਾਜ਼ਾ ਉਪਜ ਨੂੰ ਖਪਤਕਾਰਾਂ ਤੱਕ ਸਿੱਧੇ ਪਹੁੰਚਾਉਣਾ ਸੀ ਪਰ ਹੁਣ ਇਨ੍ਹਾਂ ਮੰਡੀਆਂ ਵਿਚ ਵੱਡੀ ਗਿਣਤੀ ਵਿਚ ਅਣਅਧਿਕਾਰਤ ਵਿਕਰੇਤਾ ਸਬਜ਼ੀਆਂ ਵੇਚ ਰਹੇ ਹਨ, ਜੋ ਅਸਲ ਕਾਸ਼ਤਕਾਰ ਨਹੀਂ ਹਨ, ਬਲਕਿ ਹੋਰ ਮੰਡੀਆਂ ਤੋਂ ਖਰੀਦ ਕੇ ਮਹਿੰਗੀਆਂ ਦਰਾਂ 'ਤੇ ਹੀ ਵੇਚਦੇ ਹਨ | ਇਸ ਨਾਲ ਖਪਤਕਾਰਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਅਸਲ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਜਗ੍ਹਾ ਵੀ ਨਹੀਂ ਮਿਲਦੀ | ਉਨ੍ਹਾਂ ਦੋਸ਼ ਲਗਾਇਆ ਕਿ ਮਾਰਕੀਟ ਕਮੇਟੀ ਵਲੋਂ ਪਛਾਣ ਪੱਤਰਾਂ ਦੀ ਜਾਂਚ ਨਹੀਂ ਕੀਤੀ ਜਾਂਦੀ, ਜਿਸ ਨਾਲ ਕਿਸਾਨ ਨਿਰਾਸ਼ ਹਨ | ਵਫ਼ਦ ਨੇ ਮੰਗ ਕੀਤੀ ਕਿ ਅਣਅਧਿਕਾਰਤ ਵਿਕਰੇਤਾਵਾਂ ਨੂੰ ਤੁਰੰਤ ਰੋਕਿਆ ਜਾਵੇ, ਅਧਿਕਾਰਤ ਕਿਸਾਨਾਂ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣ ਅਤੇ ਨੋਟੀਫਿਕੇਸ਼ਨ ਅਨੁਸਾਰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ | ਏ.ਡੀ.ਸੀ. ਪੂਜਾ ਸਿਆਲ ਨੇ ਭਰੋਸਾ ਦਿਵਾਇਆ ਕਿ ਇਹ ਮਾਮਲਾ ਮਾਰਕੀਟ ਕਮੇਟੀ ਅਧਿਕਾਰੀਆਂ ਨਾਲ ਚੁੱਕਿਆ ਜਾਵੇਗਾ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ |