11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਨਰੇਗਾ ਦੀ ਥਾਂ ਨਵਾਂ ਬਿੱਲ ਲਿਆਉਣ ਵਿਰੁੱਧ ਜ਼ਿਲ੍ਹਾ ਕਾਂਗਰਸ ਰੂਪਨਗਰ ਵਲੋਂ ਜ਼ੋਰਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-12-2025
ਰੂਪਨਗਰ, 21 ਦਸੰਬਰ (ਸਤਨਾਮ ਸਿੰਘ ਸੱਤੀ)-ਗ਼ਰੀਬ ਮਜ਼ਦੂਰਾਂ, ਕਿਸਾਨਾਂ ਤੇ ਪੇਂਡੂ ਵਰਗ ਦੇ ਹੱਕਾਂ 'ਤੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਹਮਲੇ ਦੇ ਵਿਰੋਧ 'ਚ ਰੋਪੜ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਅੱਧੀ ਰਾਤ ਨੂੰ ਚੁੱਪ-ਚੁਪੀਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਮੂਲ ਆਤਮਾ ਨੂੰ ਖ਼ਤਮ ਕਰਕੇ ਉਸਦੀ ਥਾਂ ਵਿਕਾਸ ਭਾਰਤ-ਰੋਜ਼ਗਾਰ ਅਤੇ ਅਜੀਵਿਕਾ ਮਿਸ਼ਨ (ਵੀ.ਬੀ.-ਜੀ. ਰੈਮ. ਜੀ.) ਬਿੱਲ ਲਿਆਂਦਾ ਜਾਣਾ ਪੇਂਡੂ ਭਾਰਤ ਨਾਲ ਖੁੱਲ੍ਹੀ ਧੋਖਾਧੜੀ ਹੈ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਨਰੇਗਾ ਯੂ. ਪੀ. ਏ. ਸਰਕਾਰ ਦੀ ਦੇਣ ਸੀ, ਜੋ ਦੇਸ਼ ਦੇ ਆਖ਼ਰੀ ਵਿਅਕਤੀ ਲਈ ਇਜ਼ਤ ਨਾਲ ਰੋਜ਼ੀ ਕਮਾਉਣ ਦਾ ਸਭ ਤੋਂ ਵੱਡਾ ਸਹਾਰਾ ਬਣੀ | ਇਸ ਕਾਨੂੰਨ ਰਾਹੀਂ 100 ਦਿਨਾਂ ਦੀ ਰੁਜ਼ਗਾਰ ਗਾਰੰਟੀ ਮਿਲਦੀ ਸੀ, ਪਰ ਨਵੇਂ ਬਿੱਲ ਦੇ ਜ਼ਰੀਏ ਇਸ ਗਾਰੰਟੀ ਨੂੰ ਹਕੀਕਤ ਵਿਚ ਖ਼ਤਮ ਕੀਤਾ ਜਾ ਰਿਹਾ ਹੈ, ਜਿਸ ਨਾਲ ਗ਼ਰੀਬ ਮਜ਼ਦੂਰ ਹੋਰ ਵੀ ਕਮਜ਼ੋਰ ਹੋ ਜਾਣਗੇ ਅਤੇ ਰਾਜਾਂ 'ਤੇ ਵਿੱਤੀ ਬੋਝ ਵਧੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਪਾਰਦਰਸ਼ਤਾ ਤੇ ਜਵਾਬਦੇਹੀ ਘਟੇਗੀ ਅਤੇ ਭਿ੍ਸ਼ਟਾਚਾਰ ਨੂੰ ਹੋਰ ਵਾਧਾ ਮਿਲੇਗਾ | ਉਨ੍ਹਾਂ ਦੱਸਿਆ ਕਿ ਅੰਕੜਿਆਂ ਮੁਤਾਬਿਕ ਯੂ. ਪੀ. ਏ. ਸਰਕਾਰ ਦੌਰਾਨ 2013-14 ਵਿਚ ਮਨਰੇਗਾ 'ਤੇ 1.43 ਲੱਖ ਕਰੋੜ ਰੁਪਏ ਖ਼ਰਚ ਕੀਤੇ ਗਏ, ਜਦ ਕਿ ਐਨ.ਡੀ.ਏ. ਸਰਕਾਰ ਵਲੋਂ 2024-25 ਲਈ ਸਿਰਫ਼ 60 ਹਜ਼ਾਰ ਕਰੋੜ ਰੁਪਏ ਪ੍ਰਸਤਾਵਿਤ ਕੀਤੇ ਗਏ ਹਨ | ਇਸਦੇ ਨਾਲ ਹੀ ਪੇਂਡੂ ਬੇਰੁਜ਼ਗਾਰੀ 2014 ਵਿਚ 4.9 ਫ਼ੀਸਦੀ ਤੋਂ ਵਧ ਕੇ 2024 'ਚ 9.1 ਫ਼ੀਸਦੀ ਤੱਕ ਪਹੁੰਚ ਗਈ ਹੈ, ਜਦਕਿ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵੀ ਚਿੰਤਾਜਨਕ ਢੰਗ ਨਾਲ ਵਧੇ ਹਨ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਿੱਲ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਅਤੇ ਆਰ. ਐੱਸ. ਐੱਸ. ਦੀ ਉਸ ਵਿਚਾਰਧਾਰਾ ਦਾ ਹਿੱਸਾ ਹੈ ਜੋ ਗ਼ਰੀਬਾਂ ਦੇ ਹੱਕਾਂ ਨੂੰ ਕੁਚਲਨਾ ਚਾਹੁੰਦੀ ਹੈ | ਅੰਤ 'ਚ ਉਨ੍ਹਾਂ ਐਲਾਨ ਕੀਤਾ ਕਿ ਜਿਵੇਂ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸਨ, ਉਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਗ਼ਰੀਬ ਮਜ਼ਦੂਰਾਂ ਤੇ ਕਿਸਾਨਾਂ ਨਾਲ ਮਿਲ ਕੇ ਇਸ ਕਾਨੂੰਨ ਦੇ ਵਿਰੋਧ ਵਿਚ ਪੂਰੀ ਤਾਕਤ ਨਾਲ ਸੰਘਰਸ਼ ਕਰੇਗੀ | ਕਾਂਗਰਸ ਵਰਕਰ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਨੂੰ ਇਸ ਬਿੱਲ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਕੇ ਉਨ੍ਹਾਂ ਨੂੰ ਲਾਮਬੰਦ ਕਰਨਗੇ ਤੇ ਸਰਕਾਰ ਨੂੰ ਮੁੜ ਸੋਚਣ ਲਈ ਮਜਬੂਰ ਕਰਨਗੇ | ਇਸ ਮੌਕੇ ਰਮੇਸ਼ ਗੋਇਲ, ਲਖਵੰਤ ਹੀਰਦਾਪੁਰ, ਕੌਂਸਲਰ ਰਾਜੇਸ਼ ਕੁਮਾਰ, ਮਿੰਟੂ ਸਰਾਫ (ਸਿਟੀ ਪ੍ਰਧਾਨ), ਜਗਮੋਹਨ ਸਰਪੰਚ, ਰਵਨੀਤ ਰਾਣਾ ਕੰਗ, ਅਵਨੀਸ਼ ਮੋਦਗਿਲ, ਹਿਮਾਂਸ਼ੂ ਟੰਡਨ, ਜਸਪਾਲ ਸਿੰਘ ਪਾਲੀ, ਰਾਜਿੰਦਰ ਭੰਵਰਾ, ਆਸਿਫ਼ ਖ਼ਾਨ, ਰਿਸ਼ ਬਾਬੂ, ਸੂਰਜ ਧੀਮਾਨ, ਕਾਲਾ ਪੁਰਖਾਲੀ, ਸੁਰਿੰਦਰ ਰਾਣਾ ਮਕਾਰੀ, ਸੋਨੂੰ ਵੋਹਰਾ, ਹਰਮੀਤ ਸਿੰਘ, ਅਸ਼ੋਕ ਸ਼ਰਮਾ, ਪਰਮਜੀਤ ਸਿੰਘ, ਰਮਨ, ਨਿਖਿਲ, ਨਿਤਿਨ ਅਤੇ ਭੁਪਿੰਦਰ ਸਿੰਘ ਰੈਲੋਂ (ਇੰਚਾਰਜ ਆਫ਼ਿਸ) ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਤੌਰ 'ਤੇ ਲਗਾਏ 5 ਖ਼ੂਨਦਾਨ ਕੈਂਪ ਸਿਹਤ ਵਿਭਾਗ ਵਲੋਂ ਕਰਵਾਏ ਬੰਦ ਅਗਲੀ ਖ਼ਬਰ ਸ੍ਰੀ ਦਸਮੇਸ਼ ਅਕੈਡਮੀ ਦੇ ਪਿ੍ੰਸੀਪਲ ਖ਼ਿਲਾਫ਼ ਧਰਨਾ ਦੂਜੇ ਦਿਨ ਵੀ ਜਾਰੀ
Ad Position 24