ਮਾਨਾਂਵਾਲਾ, 23 ਦਸੰਬਰ (ਗੁਰਦੀਪ ਸਿੰਘ ਨਾਗੀ)- ਮਨੁੱਖ ਨੂੰ ਗਲੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ ਅਤੇ ਸਮੇਂ ਸਿਰ ਕੈਂਸਰ ਦੇ ਲੱਛਣਾਂ ਦਾ ਪਤਾ ਲੱਗਣ 'ਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ, ਗੁਰਸ਼ੇਰ ਹਸਪਤਾਲ, ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ ਉਨ੍ਹਾਂ ਦੱਸਿਆ ਕਿ ਆਵਾਜ਼ ਬਦਲਣਾ, ਆਵਾਜ਼ ਭਾਰੀ ਹੋਣਾ, ਗਲੇ 'ਚ ਗੰਢ ਮਹਿਸੂਸ ਹੋਣਾ, ਖਾਣਾ ਖਾਣ ਵਿਚ ਪ੍ਰੇਸ਼ਾਨੀ, ਸਰੀਰ ਥੱਕਿਆ ਰਹਿਣਾ, ਖਾਣਾ ਚਬਾਉਣ ਅਤੇ ਜੀਭ ਹਿਲਾਉਣ ਸਮੇਂ ਦਰਦ ਰਹਿਣਾ, ਲਗਾਤਾਰ ਵਜ਼ਨ ਘੱਟ ਹੋਣਾ, ਮੂੰਹ 'ਚੋਂ ਬਦਬੂ ਆਉਣਾ, ਸਾਹ ਲੈਣ ਵਿਚ ਤਕਲੀਫ਼, ਨੀਂਦ ਘੱਟ ਆਉਣਾ, ਖਾਂਸੀ ਦੇ ਨਾਲ ਮੂੰਹ 'ਚੋਂ ਖੂਨ ਆਉਣਾ ਕੈਂਸਰ ਦੇ ਲੱਛਣ ਹੋ ਸਕਦੇ | ਜੇਕਰ ਪਹਿਲੀ ਸਟੇਜ 'ਤੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਲੇਜਰ ਅਤੇ ਰੇਡੀਓਥਰੈਪੀ ਕਿਰਨਾਂ ਨਾਲ ਕੀਤਾ ਜਾਂਦਾ ਹੈ | ਦੂਸਰੀ ਅਤੇ ਤੀਸਰੀ ਸਟੇਜ ਵਿਚ ਆਪ੍ਰੇਸ਼ਨ ਅਤੇ ਕਿਰਨਾਂ ਨਾਲ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਕਤ ਲੱਛਣਾਂ ਤੋਂ ਪੀੜਤ ਹੈ ਤਾਂ ਤੁਰੰਤ ਮਾਹਿਰ ਡਾਕਟਰ ਪਾਸ ਜਾ ਕੇ ਆਪਣਾ ਚੈੱਕਅੱਪ ਜਰੂਰ ਕਰਵਾਏ |