ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਲੰਬੇ ਸਮੇਂ ਤੋਂ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਨਾਲ ਸੰਬੰਧਿਤ ਕਈ ਸੰਪਰਕ ਸੜਕਾਂ ਕਾਫੀ ਖਸਤਾ ਹਾਲਤ 'ਚ ਹਨ, ਜਿਨ੍ਹਾਂ ਦੀ ਖਸਤਾ ਹਾਲਤ ਕਾਰਣ ਵੱਖ-ਵੱਖ ਪਿੰਡਾਂ ਦੇ ਲੋਕਾਂ ਵਿਚ ਆਵਾਜਾਈ ਨੂੰ ਲੈ ਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹੀ ਹੀ ਇਕ ਸੜਕ ਜੋ ਗੁਰਦਾਸਪੁਰ ਅਤੇ ਅੰਮਿ੍ਤਸਰ ਜ਼ਿਲਿ੍ਹਆਂ ਦੀਆਂ ਹੱਦਾਂ ਨੂੰ ਜੋੜਦੀ ਹੈ, ਵੀਲਾ ਬੱਜੂ-ਦੜੇਵਾਲੀ-ਕਰਤਾਰਪੁਰ-ਜਮਾਲਪੁਰ ਪਿੰਡਾਂ ਦੀ ਕੱਚੀ ਸੜਕ ਨੂੰ ਪੱਕਿਆਂ ਕਰਨ ਲਈ ਸਥਾਨਕ ਪਿੰਡਾਂ ਦੇ ਲੋਕਾਂ ਵਲੋਂ ਬੜੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਪਰ ਜਦੋਂ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਇਲਾਕੇ ਦੇ ਉੱਘੇ ਸਮਾਜ ਸੇਵੀ, ਸਟੇਟ ਐਵਾਰਡੀ ਬਲਵਿੰਦਰ ਸਿੰਘ ਭਿੰਡਰ ਵੀਲਾ ਬੱਜੂ ਵਲੋਂ 21-11-2025 ਨੂੰ ਹਾਈਕੋਰਟ ਵਿਚ ਰਿੱਟ ਪਾਈ ਗਈ | ਜਿਸ ਤਹਿਤ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਲੋਕ ਹਿੱਤ ਵਾਦ, ਸਟੇਟ ਐਵਾਰਡੀ ਬਲਵਿੰਦਰ ਸਿੰਘ ਭਿੰਡਰ ਵੀਲਾ ਬੱਜੂ ਵਲੋਂ ਦਾਇਰ ਕੀਤੀ ਗਈ, ਤਹਿਤ 22-12-2025 ਵਾਸਤੇ ਇਕ ਨੋਟਿਸ ਜਾਰੀ ਕਰਦਿਆਂ ਪੰਜਾਬ ਸਰਕਾਰ, ਡੀ.ਸੀ. ਗੁਰਦਾਸਪੁਰ, ਅੰਮਿ੍ਤਸਰ, ਸਕੱਤਰ ਮੰਡੀ ਬੋਰਡ ਪੰਜਾਬ ਅਤੇ ਹੋਰਨਾਂ ਨੂੰ ਹੁਕਮ ਜਾਰੀ ਕੀਤੇ ਕਿ ਪਿੰਡ ਵੀਲਾ ਬੱਜੂ-ਦੜੇਵਾਲੀ-ਕਰਤਾਰਪੁਰ-ਜਮਾਲਪੁਰ ਪਿੰਡਾਂ ਦੀ ਕੱਚੀ ਸੜਕ ਨੂੰ ਪੱਕਿਆਂ ਕੀਤਾ ਜਾਵੇ ਅਤੇ ਸਰਕਾਰ ਪਾਸੋਂ ਜੁਆਬ ਵੀ ਮੰਗਿਆ ਕਿ ਕਿਉਂ ਸੜਕ ਪੱਕੀ ਨਹੀਂ ਕੀਤੀ ਜਾ ਰਹੀ | ਸ: ਭਿੰਡਰ ਨੇ ਬਹਿਸ ਕਰਦਿਆਂ ਕਿਹਾ ਕਿ ਜਦੋਂ ਦੀ ਇਹ ਚਾਰ ਪਿੰਡਾਂ ਨੂੰ ਜੋੜਦੀ ਸੜਕ ਹੋਂਦ 'ਚ ਆਈ ਹੈ, ਇਹ ਚਾਰ ਪਿੰਡਾਂ ਨੂੰ ਜੋੜਦੀਆਂ ਕੱਚੀਆਂ ਸੜਕਾਂ ਵੱਲ ਕਦੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ | ਹੁਣ ਸਟੇਟ ਐਵਾਰਡੀ ਬਲਵਿੰਦਰ ਸਿੰਘ ਭਿੰਡਰ ਵਲੋਂ ਹਾਈਕੋਰਟ 'ਚ ਰਿੱਟ ਪਾਉਣ ਪਿੱਛੋਂ ਸਰਕਾਰ ਹਰਕਤ 'ਚ ਆਈ ਹੈ ਅਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ |