ਅਜਨਾਲਾ, 23 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬਾਬੇ ਦੀ ਕੁੱਲੀ ਨੇੜੇ ਸੱਕੀ ਪੁਲ ਅਜਨਾਲਾ ਵਿਖੇ ਕਾਰ ਸੇਵਾ ਵਾਲੇ ਮਹਾਂਪੁਰਖ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲਿਆਂ ਅਤੇ ਸੰਗਤ ਦੇ ਸਹਿਯੋਗ ਅਤੇ ਬਾਬਾ ਕੁਲਬੀਰ ਸਿੰਘ ਗੁਰਦੁਆਰਾ ਬਾਬੇ ਦੀ ਕੁੱਲੀ ਵਾਲਿਆਂ ਦੇ ਉੱਦਮ ਨਾਲ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਰਖਵਾਏ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸੁੰਦਰ ਸੱਜੇ ਪੰਡਾਲਾਂ 'ਚ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਰਾਗੀ ਭਾਈ ਮਨਦੀਪ ਸਿੰਘ, ਕਥਾਵਾਚਕ ਬਾਬਾ ਕਾਬਲ ਸਿੰਘ ਲੱਖੂਵਾਲ ਵਾਲੇ, ਰਾਗੀ ਭਾਈ ਅੰਗਰੇਜ ਸਿੰਘ ਰਾਏਪੁਰ ਕਲਾਂ, ਕਵੀਸ਼ਰ ਭਾਈ ਗੁਰਪ੍ਰੀਤ ਸਿੰਘ ਖਾਲਸਾ ਨਾਨਕਸਰ ਸੋੜੀਆਂ ਵਾਲੇ, ਢਾਡੀ ਗਿਆਨੀ ਸੁਖਪ੍ਰੀਤ ਸਿੰਘ ਅਤੇ ਢਾਡੀ ਗਿਆਨੀ ਲਖਵਿੰਦਰ ਸਿੰਘ ਸੋਹਲ ਆਦਿ ਜਥਿਆਂ ਵਲੋਂ ਆਈਆਂ ਸੰਗਤਾਂ ਨੂੰ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾਇਆ | ਸਮਾਗਮ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਭ ਤੋਂ ਵੱਡੀ ਸ਼ਹਾਦਤ ਹੈ, ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਬਾਬਾ ਕੁਲਬੀਰ ਸਿੰਘ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਜੋਧ ਸਿੰਘ ਸਮਰਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਮਾਗਮ 'ਚ ਬਾਬਾ ਜਗੀਰ ਸਿੰਘ ਗੁਰੂ ਕਾ ਬਾਗ ਵਾਲੇ, ਬਾਬਾ ਕਿਰਪਾਲ ਸਿੰਘ, ਬਾਬਾ ਚੰਨਾ ਸਿੰਘ, ਬਾਬਾ ਜੋਗਾ ਸਿੰਘ ਸਮੇਤ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |
ਗੁਰਦੁਆਰਾ ਬਾਬੇ ਦੀ ਕੁੱਲੀ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ <br/>
ਅਜੀਤ ਡੈਸਕ
24-12-2025