ਪਟਿਆਲਾ, 1 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ ਦੀ 29ਵੀਂ ਸਾਲਾਨਾ ਕਾਨਫ਼ਰੰਸ ਸਫਲਤਾ ਪੂਰਵਕ ਸੰਪੰਨ ਹੋ ਗਈ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਖ਼ਰੀ ਦਿਨ ਹੋਏ ਪੰਜਾਬ ਆਰਥਿਕਤਾ ਦੇ ਚਲੰਤ ਮਾਮਲਿਆਂ ਨਾਲ਼ ਸੰਬੰਧਿਤ ਵਿਸ਼ੇਸ਼ ਸੈਸ਼ਨ ਵਿਚ ਪੰਜਾਬ ਦੇ ਆਰਥਿਕ ਵਿਕਾਸ ਵਿਚ ਹਰੇ ਇਨਕਲਾਬ ਦੇ ਪਾਏ ਗਏ ਯੋਗਦਾਨ ਬਾਰੇ ਆਪਣੇ ਅਹਿਮ ਵਿਚਾਰ ਪੇਸ਼ ਕੀਤੇ | ਉਨ੍ਹਾਂ ਦੇਸ਼ ਦੀਆਂ ਸਟੇਟ ਯੂਨੀਵਰਸਿਟੀਆਂ ਦੀ ਪੇਤਲੀ ਹੋ ਰਹੀ ਆਰਥਿਕ ਸਥਿਤੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ | ਵਿਭਾਗ ਮੁਖੀ ਪ੍ਰੋ. ਜਸਦੀਪ ਸਿੰਘ ਤੂਰ ਦੀ ਕਨਵੀਨਰਸ਼ਿਪ ਹੇਠ ਹੋਈ ਇਸ ਕਾਨਫ਼ਰੰਸ ਦੇ ਆਰਗੇਨਾਈਜ਼ਿੰਗ ਸੈਕਟਰੀ ਵਜੋਂ ਭੂਮਿਕਾ ਡਾ. ਸਰਬਜੀਤ ਸਿੰਘ ਨੇ ਨਿਭਾਈ | ਸਮਾਪਤੀ ਸਮਾਰੋਹ ਦੌਰਾਨ ਇੰਡੀਅਨ ਸਟੈਟਇਸਟੀਕਲ ਇੰਸਟੀਚਿਊਟ, ਬੰਗਲੌਰ ਤੋਂ ਪੁੱਜੇ ਪ੍ਰੋ. ਮਧੁਰਾ ਸਵਾਮੀਨਾਥਨ ਨੇ ਦੇਸ਼ ਦੇ ਖੇਤੀਬਾੜੀ ਸੈਕਟਰ ਵਿਚ ਚੱਲ ਰਹੇ ਆਰਥਿਕ ਸੰਕਟ ਅਤੇ ਭੋਜਨ ਸੁਰੱਖਿਆ ਨਾਲ ਸੰਬੰਧਿਤ ਸਮੱਸਿਆ ਦੇ ਅੰਤਰ-ਸੰਬੰਧਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਵਲੋਂ ਕਿਹਾ ਗਿਆ ਕਿ ਜਿੱਥੇ ਖੇਤੀਬਾੜੀ ਸੈਕਟਰ ਦਾ ਸੰਕਟ ਦੇਸ਼ ਦੇ ਛੋਟੇ ਕਿਸਾਨ ਅਤੇ ਖੇਤੀਬਾੜੀ ਕਾਮਿਆਂ ਦੀ ਬਦਹਾਲੀ ਨਾਲ ਜੁੜਿਆ ਹੋਇਆ ਹੈ ਉੱਥੇ ਹੀ ਇਹ ਸੰਕਟ ਦੇਸ਼ ਦੇ ਗਰੀਬ ਵਰਗ ਦੀ ਭੋਜਨ ਸੁਰੱਖਿਆ ਲਈ ਵੀ ਸੰਕਟ ਪੈਦਾ ਕਰ ਰਿਹਾ ਹੈ | ਕਾਨਫ਼ਰੰਸ ਦੇ ਸਮਾਪਤੀ ਸਮਾਰੋਹ ਵਿਚ ਪ੍ਰੋ. ਬਲਵਿੰਦਰ ਸਿੰਘ ਟਿਵਾਣਾ (ਆਈ.ਈ.ਪੀ.ਏ. ਸਿਗਨੇਟਰੀ) ਲੋਂ ਮੁੱਖ ਸਪੀਕਰ ਪ੍ਰੋ. ਮਧੁਰਾ ਸਵਾਮੀਨਾਥਨ ਦੀ ਜਾਣ-ਪਛਾਣ ਕਰਵਾਉਂਦਿਆਂ ਆਪਣੀਆਂ ਅਹਿਮ ਟਿੱਪਣੀਆਂ ਕੀਤੀਆਂ | ਕਾਨਫ਼ਰੰਸ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਵੱਖ-ਵੱਖ ਅਕਾਦਮਿਕ ਸੈਸ਼ਨਾਂ ਨਾਲ਼ ਹੋਈ, ਜਿਸ ਵਿਚ ਪੰਜਾਬ ਅਤੇ ਦੇਸ਼ ਦੀ ਆਰਥਿਕਤਾ ਨਾਲ਼ ਸੰਬੰਧਿਤ ਪੇਪਰ ਪੜ੍ਹੇ ਗਏ | ਪੰਜਾਬ ਆਰਥਿਕਤਾ ਦੇ ਚਲੰਤ ਮਾਮਲਿਆਂ ਨਾਲ਼ ਸੰਬੰਧਿਤ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਹਰਬੰਸ ਸਿੰਘ ਸਿੱਧੂ, ਸਾਬਕਾ ਪ੍ਰੋਫੈਸਰ, ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਪੰਜਾਬ ਆਰਥਿਕਤਾ 'ਤੇ ਇਹ ਵਿਚਾਰ ਚਰਚਾ ਅਜੋਕੇ ਪੰਜਾਬ ਰਾਜ ਦੇ ਪੁਨਰ-ਸੰਗਠਿਤ ਵਾਲੇ ਦਿਨ ਹੋ ਰਹੀ ਹੈ | ਇਸ ਦੌਰਾਨ ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਅਮਰਜੀਤ ਸਿੰਘ ਸਿੱਧੂ, ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਡਾ. ਗਿਆਨ ਸਿੰਘ ਅਤੇ ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪੰਜਾਬ ਦੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਾਰਥਿਕ ਹੱਲ ਬਾਰੇ ਚਰਚਾ ਕੀਤੀ ਗਈ |