ਸਨੌਰ, 1 ਨਵੰਬਰ (ਮੋਹਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਹਲਕਾ ਸਨੌਰ ਦੇ ਆਗੂ ਕਿ੍ਸ਼ਨ ਸਿੰਘ ਸਨੌਰ ਨੇ ਪੰਜਾਬ ਦਿਵਸ ਮੌਕੇ ਕਿਹਾ ਕਿ ਕਦੇ ਦੇਸ਼ ਦੀ ਅਗਵਾਈ ਕਰਨ ਵਾਲਾ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲਾ ਪੰਜਾਬ, ਅੱਜ ਆਪਣੀ 59 ਸਾਲ ਦੀ ਉਮਰ ਵਿਚ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਪਛੜੇ ਹੋਏ ਸੂਬਿਆਂ ਵਿਚ ਗਿਣਿਆ ਜਾਣ ਲੱਗਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨੌਰ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ 59 ਸਾਲਾਂ ਦੇ ਸਫ਼ਰ ਵਿਚ ਕਰਜ਼ਾਈ ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ ਪਹਿਲੇ ਸਥਾਨ ਤੋਂ ਖਿਸਕ ਕੇ ਹੇਠਲੇ ਸਥਾਨਾਂ 'ਤੇ ਪਹੁੰਚ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਪਾਰਟੀਆਂ ਅਤੇ ਉੱਚ ਅਫ਼ਸਰਸ਼ਾਹੀ ਦੇ ਗੱਠਜੋੜ ਕਾਰਨ ਸੂਬੇ ਵਿਚ ਵੱਡਾ ਆਰਥਿਕ, ਸਮਾਜਿਕ ਅਤੇ ਸਿਆਸੀ ਸੰਕਟ ਖੜ੍ਹਾ ਹੋ ਰਿਹਾ ਹੈ ਅਤੇ ਮੌਜੂਦਾ ਸਰਕਾਰਾਂ ਇਸ ਸੰਕਟ ਨਾਲ ਨਜਿੱਠਣ ਦੀ ਬਜਾਏ, ਇਸ ਵਿਚ ਭਾਈਵਾਲ ਨਜ਼ਰ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਢ ਤੋਂ ਚੱਲੇ ਆ ਰਹੇ ਮਸਲਿਆਂ, ਜਿਵੇਂ ਕਿ ਚੰਡੀਗੜ੍ਹ ਦਾ ਰੇੜਕਾ, ਦਰਿਆਈ ਪਾਣੀਆਂ ਦੀ ਅਨਿਆਂਪੂਰਨ ਵੰਡ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਤੋਂ ਪੰਜਾਬ ਨੂੰ ਲਾਂਭੇ ਕਰਨ ਵਰਗੇ ਮਸਲਿਆਂ ਨੂੰ ਹੱਲ ਨਹੀਂ ਕੀਤਾ ਗਿਆ ਹੈ | ਇਸ ਦੀ ਬਜਾਏ, ਪੇਂਡੂ ਵਿਕਾਸ ਫ਼ੰਡ ਰੋਕਣ ਅਤੇ ਬਾਰਡਰ ਏਰੀਏ ਦਾ ਘੇਰਾ ਵਧਾਉਣ ਵਰਗੇ ਨਵੇਂ ਮਸਲੇ ਖੜ੍ਹੇ ਕਰਕੇ ਪੰਜਾਬ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ | ਕ੍ਰਿਸ਼ਨ ਸਿੰਘ ਸਨੌਰ ਨੇ ਦਾਅਵਾ ਕੀਤਾ ਕਿ ਮੌਜੂਦਾ ਹਾਲਾਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕੋਈ ਵੀ ਹੋਰ ਪਾਰਟੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਜਾਂ ਸੂਬੇ ਦੀ ਬਾਂਹ ਫੜਨ ਵਾਲੀ ਨਜ਼ਰ ਨਹੀਂ ਆਉਂਦੀ |