ਪਟਿਆਲਾ, 7 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-14 ਦਸੰਬਰ ਨੂੰ ਪੰਜਾਬ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਕਾਗ਼ਜ਼ੀ ਕਾਰਵਾਈ ਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅਮਲ ਤੋਂ ਬਾਅਦ ਚੋਣ 'ਚ ਨਿੱਤਰੇ ਉਮੀਦਵਾਰਾਂ ਨੇ ਆਪਣਾ-ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਪਿੰਡਾਂ ਕਸਬਿਆਂ ਵਿਚ ਜਿੱਥੇ ਇਹ ਚੋਣ ਚਰਚਾ ਹੁਣ ਸੱਥਾਂ ਵਿਚ ਸਰਗਰਮ ਹੋਣ ਲੱਗੀ ਹੈ ਉੱਥੇ ਦੂਜੇ ਪਾਸੇ ਉਮੀਦਵਾਰ ਆਪਣੇ ਹਮਾਇਤੀਆਂ ਨਾਲ ਘਰੋਂ ਨਿਕਲ ਕੇ ਵੋਟਰਾਂ ਦੀਆਂ ਬਰੂੰਹਾਂ ਤੱਕ ਪਹੁੰਚਣ ਲੱਗੇ ਹਨ | ਇਹ ਚੋਣਾਂ ਪਿੰਡ ਪੱਧਰ 'ਤੇ ਜਿੱਥੇ ਰਿਸ਼ਦੇਤਾਰਾਂ ਜਾਂ ਸੱਜਣਾਂ, ਮਿੱਤਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਉੱਥੋਂ ਸਿਆਸੀ ਜੋੜ ਤੋੜ ਭਵਿੱਖ ਦੀਆਂ ਗ਼ਰਜ਼ਾਂ ਨੂੰ ਲੈ ਕੇ ਵੀ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਵਲੋਂ ਵਰਤਣੇ ਸ਼ੁਰੂ ਕੀਤੇ ਜਾ ਰਹੇ ਹਨ | ਇਸ ਚੋਣ ਮੁਹਿੰਮ 'ਚ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਸਥਾਨਕ ਆਗੂਆਂ ਨੇ ਸਰਕਾਰ ਵਲੋਂ ਬਿਜਲੀ ਬਿੱਲ ਅਤੇ ਪ੍ਰਸ਼ਾਸਨਿਕ ਸੁਧਾਰਾਂ ਤੋਂ ਇਲਾਵਾ ਨਵੇਂ ਕਾਰਜਾਂ ਦੀ ਦੁਹਾਈ ਦੇ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੱਤਾ ਮੌਕੇ ਕੀਤੇ ਵਿਕਾਸ ਕਾਰਜਾਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਦੀ ਨਿਧੜਕ ਅਗਵਾਈ ਹੇਠ ਪਾਰਟੀ ਦੀ ਮੁੜ ਮਜ਼ਬੂਤੀ ਭਵਿੱਖ ਨਾਲ ਜੋੜ ਕੇ ਦੱਸਦਿਆਂ ਵੋਟਰਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵਲੋਂ ਕਾਂਗਰਸ ਪਾਰਟੀ ਦੀ ਭਵਿੱਖ ਵਿਚ ਮਜ਼ਬੂਤ ਅਗਵਾਈ ਅਤੇ ਨਵੇਂ ਬਦਲਾਅ ਪੇਸ਼ ਕਰਨ ਦੇ ਵਾਅਦਿਆਂ ਨਾਲ ਆਪਣੇ ਹੱਕ 'ਚ ਭੁਗਤਣ ਲਈ ਅਪੀਲ ਕਰ ਰਹੇ ਹਨ | ਇਸੇ ਤਰ੍ਹਾਂ ਕਈ ਥਾਈਾ ਭਾਜਪਾ ਦੇ ਉਮੀਦਵਾਰ ਵੀ ਕੇਂਦਰ 'ਚ ਮਜ਼ਬੂਤ ਕਮਾਂਡ ਅਤੇ ਨਵੇਂ ਤਜਰਬੇ ਨਾਲ ਡਬਲ ਇੰਜਨ ਦੀ ਸਰਕਾਰ ਦਾ ਦਮ ਭਰਦੇ ਹੋਏ ਵੋਟਰਾਂ ਨੂੰ ਆਪਣੇ ਹੱਕ 'ਚ ਭੁਗਤਣ ਲਈ ਪ੍ਰੇਰਿਤ ਕਰ ਰਹੇ ਹਨ | ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਵੀ ਬਹੁਤੇ ਭਲਵਾਨਾਂ ਵਿਚ ਆਪਣੀ ਕਿਸਮਤ ਅਜ਼ਮਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਦੀ ਹਿਮਾਇਤ ਦੇ ਨਾਲ-ਨਾਲ ਸਭ ਨੂੰ ਛੱਡ ਕੇ ਉਨ੍ਹਾਂ ਨੂੰ ਪਰਖਣ ਦੀ ਗੱਲ ਵੋਟਰਾਂ ਨਾਲ ਕਹਿ ਰਹੇ ਹਨ | ਵੱਖ-ਵੱਖ ਪਾਰਟੀਆਂ ਦੇ ਇਨ੍ਹਾਂ ਉਮੀਦਵਾਰਾਂ ਵਲੋਂ ਵੱਡੇ ਗਰੁੱਪ ਬਣਾ ਕੇ ਸੰਬੰਧਿਤ ਪਿੰਡ ਦੇ ਵੋਟਰਾਂ ਨਾਲ ਘਰ-ਘਰ ਜਾ ਕੇ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੁਹਿੰਮ 'ਚ ਅਜੇ ਭਾਵੇਂ ਖਾਣ ਪਿਆਉਣ ਦਾ ਸਿਲਸਿਲਾ ਨਹੀਂ ਭਖਿਆ ਪਰ ਆਉਂਦੇ ਦਿਨਾਂ 'ਚ ਪਿੰਡਾਂ ਦੇ ਰਿਵਾਇਤੀ ਅਮਲ ਮੁਤਾਬਿਕ ਜ਼ਿਆਦਾ ਦੇਰ ਇਸ ਅਮਲ ਤੋਂ ਵੋਟਰਾਂ ਨੂੰ ਦੂਰ ਰੱਖਣਾ ਮੁਸ਼ਕਲ ਲੱਗਦਾ ਹੈ |