ਫ਼ਰੀਦਕੋਟ, 23 ਦਸੰਬਰ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਹੋਰ ਸਿੰਘਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਵਿਖੇ ਸਕੂਲ ਕੈਂਪ ਅੰਦਰ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਦੁਆਰਾ ਪੰਜ ਬਾਣੀਆਂ ਦੇ ਪਾਠ ਦਾ ਸਾਂਝੇ ਤੌਰ 'ਤੇ ਜਾਪ ਕੀਤਾ ਗਿਆ | ਅੰਤ 'ਚ ਅਰਦਾਸ ਬੇਨਤੀ ਕੀਤੀ ਗਈ | ਪਿ੍ੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਨੂੰ ਪ੍ਰਾਰਥਨਾ ਸਭਾ 'ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਿੱਖ ਧਰਮ ਤੇ ਹੋਰ ਧਰਮਾਂ ਲਈ ਪੂਰੇ ਪਰਿਵਾਰ ਦੇ ਦਿੱਤੇ ਬਲੀਦਾਨ ਦਾ ਜ਼ਿਕਰ ਕੀਤਾ | ਦੂਜੇ ਪਾਸੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਦੇ ਨਵਾਬ ਸੂਬਾ ਸਰਹੰਦ ਦੁਆਰਾ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ | ਪੂਰਾ ਪਰਿਵਾਰ ਕਿਸ ਤਰ੍ਹਾਂ ਵਿਛੜ ਗਿਆ ਤੇ ਫਿਰ ਵੀ ਪ੍ਰਮਾਤਮਾ ਦਾ ਸ਼ੁੱਕਰੀਆ ਅਦਾ ਕਰਦੇ ਰਹੇ | ਅੰਤ 'ਚ ਸੰਸਥਾ ਦੇ ਚੇਅਰਮੈਨ ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਉੱਪਰ ਚੱਲਣਾ ਚਾਹੀਦਾ ਹੈ | ਇਸ ਮੌਕੇ ਪ੍ਰਾਰਥਨਾ ਸਭਾ ਅੰਦਰ ਸਮੂਹ ਹੀ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ |