ਤਰਨ ਤਾਰਨ, 3 ਸਤੰਬਰ (ਹਰਿੰਦਰ ਸਿੰਘ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਮੁਖੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਵਿਚ ਹੜ੍ਹਾਂ ਦੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਭਾਈ ਅੰਮਿ੍ਤਪਾਲ ਸਿੰਘ ਨੂੰ ਘੱਟੋ-ਘੱਟ ਇਕ ਮਹੀਨੇ ਦੀ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਬਤੌਰ ਸੰਸਦ ਮੈਂਬਰ ਆਪਣੇ ਹਲਕੇ ਦੇ ਲੋਕਾਂ ਨਾਲ ਸੰਕਟ ਦੀ ਘੜੀ ਵਿਚ ਖੜ੍ਹੇ ਹੋ ਕੇ ਸਹਾਇਤਾ ਕਰ ਸਕਣ | ਦੇਸ਼ ਦੇ ਗ੍ਰਹਿ ਮੰਤਰੀ ਨੂੰ ਭੇਜੇ ਮੰਗ ਪੱਤਰ ਵਿਚ ਬਾਪੂ ਤਰਸੇਮ ਸਿੰਘ ਨੇ ਲਿਖਿਆ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਐਨ.ਐਸ.ਏ. ਅਧੀਨ ਨਾਜਾਇਜ਼ ਤੌਰ 'ਤੇ ਪਿਛਲੇ ਤਿੰਨ ਸਾਲ ਤੋਂ ਡਿਬਰੂਗੜ੍ਹ ਦੀ ਜੇਲ੍ਹ ਵਿਚ ਨਜ਼ਰਬੰਦ ਕੀਤਾ ਹੋਇਆ ਹੈ | ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੇ ਭਾਈ ਅੰਮਿ੍ਤਪਾਲ ਸਿੰਘ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਸੰਸਦ 'ਚ ਪਹੁੰਚਾਇਆ ਸੀ ਤਾਂ ਜੋ ਉਹ ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਖੜ੍ਹੇ ਹੋ ਸਕਣ | ਬਾਪੂ ਤਰਸੇਮ ਸਿੰਘ ਨੇ ਗ੍ਰਹਿ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਕਿ ਸੰਸਦ ਮੈਂਬਰਾਂ ਲਈ ਨਿਰਧਾਰਿਤ ਫੰਡਾਂ ਵਿਚੋਂ ਭਾਈ ਅੰਮਿ੍ਤਪਾਲ ਸਿੰਘ ਦੇ ਹਿੱਸੇ ਦੀ ਰਾਸ਼ੀ ਵੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਖਡੂਰ ਸਾਹਿਬ ਹਲਕੇ ਵਿਚ ਹੜ੍ਹ ਪੀੜਤ ਲੋਕਾਂ ਦੇ ਨੁਕਸਾਨੇ ਘਰਾਂ, ਸਕੂਲਾਂ, ਸਿਹਤ ਸਹੂਲਤਾਂ ਅਤੇ ਹੋਰ ਰਾਹਤ ਕਾਰਜਾਂ ਵਿਚ ਵਰਤੀ ਜਾ ਸਕੇ | ਇਸ ਦੇ ਨਾਲ ਹੀ ਪੰਜਾਬ ਵਿਚ ਭਿਆਨਕ ਹੜ੍ਹਾਂ ਨੂੰ ਕੌਮੀ ਆਫਤ ਮੰਨ ਕੇ ਵਿਸ਼ੇਸ਼ ਰਾਹਤ ਪੈਕੇਜ ਦੇਣ ਦੀ ਮੰਗ ਵੀ ਕੀਤੀ ਗਈ |