ਪਿ੍ੰਸੀਪਲ ਲਈ ਤਰੱਕੀ ਦੀ ਉਡੀਕ 'ਚ ਬੈਠੇ ਮੁੱਖ ਅਧਿਆਪਕਾਂ ਦੇ ਚਿਹਰੇ ਮੁਰਝਾਏ
<br/>
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸੂਬਾ ਸਰਕਾਰ ਵਲੋਂ ਪੰਜਾਬ ਸਿੱਖਿਆ ਸੇਵਾਵਾਂ (ਸਕੂਲ ਅਤੇ ਇੰਸਪੈਕਸ਼ਨ) ਗਰੁੱਪ 'ਏ' ਸੇਵਾ ਨਿਯਮ 2018 'ਚ ਬੀਤੇ 13 ਸਤੰਬਰ ਨੂੰ ਕੀਤੀ ਗਈ ਚੌਥੀ ਸੋਧ ਤੋਂ ਬਾਅਦ ਤਰੱਕੀ ਰਾਹੀਂ ਪਿ੍ੰਸੀਪਲ ਬਣਨ ਦਾ ਸੁਪਨਾ ਸੰਜੋਈਾ ਬੈਠੇ ਮੁੱਖ ਅਧਿਆਪਕਾਂ ਦਾ ਅਜੇ ਚਾਅ ਮੱਠਾ ਨਹੀਂ ਪਿਆ ਸੀ ਕਿ ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਨਿਯਮਾਂ ਵਿਚ ਪਿ੍ੰਸੀਪਲਾਂ ਦੀ ਤਰੱਕੀ ਲਈ ਨਵੀਆਂ ਨਿਰਧਾਰਿਤ ਕੀਤੀਆਂ ਯੋਗਤਾ ਦੀਆਂ ਸ਼ਰਤਾਂ 'ਚ ਤਬਦੀਲੀ ਕਰਦੇ ਹੋਏ ਘੱਟੋ-ਘੱਟ ਅੰਕਾਂ ਅਤੇ ਪੋਸਟ ਗ੍ਰੈਜਏਸ਼ਨ ਦੀ ਨਵੀਂ ਸ਼ਰਤ ਮੜ੍ਹ ਦਿੱਤੀ ਹੈ, ਜਿਸ ਨਾਲ ਤਰੱਕੀ ਦੀ ਉਡੀਕ 'ਚ ਬੈਠੇ ਵੱਡੀ ਗਿਣਤੀ ਮੁੱਖ ਅਧਿਆਪਕਾਂ ਦੇ ਚਿਹਰੇ ਮੁਰਝਾ ਗਏ ਹਨ | ਇਸ ਮਸਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਅਧਿਆਪਕ ਮੁੜ ਸੰਘਰਸ਼ ਦਾ ਪਿੜ ਮੱਲ ਸਕਦੇ ਹਨ, ਕਿਉਂਕਿ ਅਧਿਆਪਕ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਉਕਤ ਸ਼ਰਤ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਪ੍ਰੈੱਸ ਸਕੱਤਰ ਪਵਨ ਕੁਮਾਰ ਤੇ ਸੂਬਾ ਉੱਪ-ਪ੍ਰਧਾਨ ਜਗਪਾਲ ਬੰਗੀ ਬਠਿੰਡਾ ਨੇ ਦੱਸਿਆ ਕਿ ਪਹਿਲਾਂ ਤਾਂ ਅਧਿਆਪਕਾਂ ਦੇ ਲੰਬੇ ਸੰਘਰਸ਼ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਸੇਵਾਵਾਂ (ਸਕੂਲ ਅਤੇ ਇੰਸਪੈਕਸ਼ਨ) ਗਰੁੱਪ-ਏ ਸੇਵਾ ਨਿਯਮ 2018 'ਚ ਚੌਥੀ ਸੋਧ ਕੀਤੀ ਸੀ, ਜਿਸ ਨਾਲ ਪਿ੍ੰਸੀਪਲਾਂ ਦੀਆਂ ਤਰੱਕੀਆਂ ਦਾ ਰਾਹ ਖੁਲਿਆ ਸੀ ਅਤੇ ਸੂਬੇ ਦੇ ਪਿ੍ੰਸੀਪਲਾਂ ਤੋਂ ਸੱਖਣੇ ਕਰੀਬ ਇਕ ਹਜ਼ਾਰ ਸਕੂਲਾਂ ਨੂੰ ਪਿ੍ੰਸੀਪਲ ਮਿਲਣ ਦੀ ਆਸ ਬੱਝੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਗਰੁੱਪ-ਏ ਦੇ ਸੰਬੰਧ ਵਿਚ ਪਿ੍ੰਸੀਪਲ ਦੀ ਤਰੱਕੀ ਲਈ ਜਨਰਲ ਵਰਗ ਲਈ ਮਾਸਟਰ ਡਿਗਰੀ 'ਚੋਂ 50 ਫ਼ੀਸਦੀ ਅਤੇ ਅਨੁਸੂਚਿਤ ਜਾਤੀ ਲਈ 45 ਫ਼ੀਸਦੀ ਅੰਕਾਂ ਦੀ ਸ਼ਰਤ ਨੂੰ ਜੋੜ ਦਿੱਤਾ ਹੈ, ਜੋ ਕਿ ਬਿਲਕੁਲ ਗ਼ੈਰ-ਵਾਜਬ ਹੈ ਕਿਉਂਕਿ ਤਰੱਕੀ ਦਾ ਅਧਾਰ ਤਜਰਬਾ ਹੁੰਦਾ ਹੈ ਨਾ ਕਿ ਅੰਕ ਫ਼ੀਸਦ | ਉਨ੍ਹਾਂ ਕਿਹਾ ਕਿ ਪੁਰਾਣੇ ਨਿਯਮਾਂ ਵਿਚ ਮੁੱਖ ਅਧਿਆਪਕਾਂ ਤੋਂ ਪਿ੍ੰਸੀਪਲ ਬਣਨ ਲਈ ਅਜਿਹੀ ਕੋਈ ਸ਼ਰਤ ਨਹੀਂ ਸੀ ਪਰ ਨਵੇਂ ਨਿਯਮਾਂ ਵਿਚ ਇਹ ਸ਼ਰਤ ਸ਼ਾਮਿਲ ਕੀਤੇ ਜਾਣ ਨਾਲ ਲੰਬੇ ਸਮੇਂ ਤੋਂ ਤਰੱਕੀਆਂ ਉਡੀਕ ਰਹੇ ਮੁੱਖ ਅਧਿਆਪਕਾਂ 'ਚੋਂ ਕਈਆਂ ਦੇ ਤਰੱਕੀਆਂ ਤੋਂ ਵਾਂਝੇ ਰਹਿ ਜਾਣ ਦੀ ਸਥਿਤੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਇਹ ਅੰਕਾਂ ਅਤੇ ਪੋਸਟ ਗਰੈਜੂਏਸ਼ਨ ਦੀ ਨਵੀਂ ਸ਼ਰਤ ਲੋੜੀਂਦਾ ਤਜਰਬਾ ਹਾਸਲ ਸੈਂਕੜੇ ਲੈਕਚਰਾਰਾਂ, ਮੁੱਖ ਅਧਿਆਪਕਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਨਾਲ ਧੱਕਾ ਹੈ, ਜਿਸ ਨਾਲ ਮੁੱਖ ਅਧਿਆਪਕਾਂ 'ਚ ਨਿਰਾਸ਼ਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਗ਼ੈਰ-ਵਾਜਬ ਸੋਧ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਤਰੱਕੀ ਲਈ ਪਹਿਲਾਂ ਵਾਂਗ ਹੀ ਲੋੜੀਂਦੇ ਤਜਰਬੇ ਨੂੰ ਅਧਾਰ ਬਣਾਇਆ ਜਾਵੇ, ਨਹੀਂ ਤਾਂ ਡੀ.ਟੀ.ਐਫ. ਸੰਘਰਸ਼ ਵਿੱਢੇਗੀ |
ਪੰਜਾਬ ਸਿੱਖਿਆ ਸੇਵਾਵਾਂ ਨਿਯਮ (ਗਰੁੱਪ-ਏ) 'ਚ ਹੋਈ ਚੌਥੀ ਸੋਧ ਬਾਅਦ ਹੁਣ ਅੰਕਾਂ ਤੇ ਪੋਸਟ ਗ੍ਰੈਜੂਏਸ਼ਨ ਦੀ ਨਵੀਂ ਸ਼ਰਤ ਮੜ੍ਹੀ
ਅਜੀਤ ਡੈਸਕ
24-09-2025