ਚੰਡੀਗੜ੍ਹ, 5 ਦਸੰਬਰ (ਸੰਦੀਪ ਕੁਮਾਰ ਮਾਹਨਾ) ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਉਮੀਦਵਾਰਾਂ ਨੂੰ ਸਕੂਟਨੀ ਦੌਰਾਨ ਰਿਟਰਨਿੰਗ ਦਫ਼ਤਰਾਂ ਵਿਚ ਦਾਖਲ ਨਾ ਹੋਣ ਦੇਣ ਅਤੇ ਮਨਜ਼ੂਰ ਅਤੇ ਨਾਮਨਜ਼ੂਰ ਕੀਤੇ ਨਾਮਜ਼ਦਗੀ ਪੱਤਰਾਂ ਸੰਬੰਧੀ ਸੂਚਨਾ ਨਾ ਜਾਰੀ ਕਰਨ ਦੇ ਦੋਸ਼ ਲਗਾਉਂਦੇ ਹੋਏ ਪੰਜਾਬ ਭਾਜਪਾ ਨੇ ਅੱਜ ਸੂਬਾ ਚੋਣ ਕਮਿਸ਼ਨਰ ਨੂੰ ਇਕ ਵਿਸਤਿ੍ਤ ਸ਼ਿਕਾਇਤ ਸੌਂਪੀ ਹੈ | ਸੂਬਾ ਭਾਜਪਾ ਕਾਨੂੰਨੀ ਵਿੰਗ ਦੇ ਕਨਵੀਨਰ ਐਡਵੋਕੇਟ ਐਨ.ਕੇ. ਵਰਮਾ ਵਲੋਂ ਦਾਇਰ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਅੱਜ ਨਿਰਧਾਰਿਤ ਸਕੂਟਨੀ ਦੁਪਹਿਰ 3 ਵਜੇ ਤੱਕ ਮੁਕੰਮਲ ਹੋਣੀ ਸੀ ਪਰ ਕਈ ਰਿਟਰਨਿੰਗ ਅਫ਼ਸਰਾਂ (ਆਰਓ) ਨੇ ਨਾ ਤਾਂ ਸਵੀਕਾਰ ਅਤੇ ਅਸਵੀਕਾਰ ਨਾਮਜ਼ਦਗੀਆਂ ਦੀ ਸੂਚਨਾ ਜਾਰੀ ਕੀਤੀ ਅਤੇ ਨਾ ਹੀ ਉਮੀਦਵਾਰਾਂ ਨੂੰ ਆਪਣੇ ਪੱਤਰਾਂ ਦੀ ਜਾਂਚ ਦੌਰਾਨ ਹਾਜ਼ਰ ਹੋਣ ਦਿੱਤਾ | ਵਰਮਾ ਨੇ ਕਿਹਾ ਕਿ ਉਮੀਦਵਾਰ ਦੀ ਗੈਰ-ਮੌਜੂਦਗੀ 'ਚ ਬੰਦ ਕਮਰੇ ਵਿਚ ਹੋਈ ਸਕੂਟਨੀ ਚੋਣ ਕਾਨੂੰਨ ਦੀ ਸਪਸ਼ਟ ਉਲੰਘਣਾ ਹੈ | ਭਾਜਪਾ ਨੇ ਕਈ ਰਿਟਰਨਿੰਗ ਅਧਿਕਾਰੀਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਮਨਮਾਨੀ ਕਰਾਰ ਦਿੰਦਿਆਂ ਸੂਬਾ ਚੋਣ ਕਮਿਸ਼ਨਰ ਤੋਂ ਤੁਰੰਤ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ | ਭਾਜਪਾ ਨੇ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਸਵੀਕਾਰ ਕੀਤੇ ਅਤੇ ਅਸਵੀਕਾਰ ਨਾਮਜ਼ਦਗੀਆਂ ਦੀ ਸੂਚਨਾ ਤੁਰੰਤ ਜਾਰੀ ਕੀਤੀ ਜਾਵੇ |