ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ)-ਬੀਤੇ ਦਿਨ ਤੋਂ ਇੰਡੀਗੋ ਉਡਾਣਾਂ ਜਿੱਥੇ ਦੇਸ਼ ਭਰ ਵਿਚ ਪ੍ਰਭਾਵਿਤ ਰਹੀਆਂ, ਇਸ ਤਹਿਤ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਵੀ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਰੱਦ ਅਤੇ ਕਈ ਦੇਰੀ ਕਾਰਣ ਪ੍ਰਭਾਵਿਤ ਰਹੀਆਂ, ਜਿਸ ਕਾਰਣ ਯਾਤਰੀਆਂ ਨੂੰ ਅੱਜ ਲਗਾਤਾਰ ਦੂਸਰੇ ਦਿਨ ਵੀ ਭਾਰੀ ਖੱਜਲ ਖੁਆਰ ਹੋਣਾ ਪਿਆ | ਜਿਸ 'ਤੇ ਭੜਕੇ ਯਾਤਰੀਆਂ ਨੇ ਕਿਹਾ ਕਿ ਗੋ ਇੰਡੀਗੋ ਨੂੰ ਆਪਣੀ ਏਅਰਲਾਈਨ ਦਾ ਨਾਂਅ ਬਦਲ ਕੇ ਨੋ ਇੰਡੀਗੋ ਰੱਖਣਾ ਚਾਹੀਦਾ ਹੈ | ਅੰਮਿ੍ਤਸਰ ਹਵਾਈ ਅੱਡੇ 'ਤੇ ਖੱਜਲ ਖੁਆਰ ਹੋਏ ਵੱਖ-ਵੱਖ ਯਾਤਰੀਆਂ 'ਚ ਇਕ ਦੋਹਾ ਜਾਣ ਵਾਲੇ ਯਾਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਉਸ ਦੀ 3 ਦਸੰਬਰ ਦੀ ਉਡਾਣ ਸੀ, ਇੰਡੀਗੋ ਏਅਰਲਾਈਨ ਵਲੋਂ ਉਸ ਨੂੰ ਫੋਨ 'ਤੇ ਸੁਨੇਹਾ ਪ੍ਰਾਪਤ ਹੋਇਆ ਕਿ ਉਡਾਣ ਰੱਦ ਹੋ ਗਈ ਹੈ | ਪਰੰਤੂ ਕੱਲ 4 ਦਸੰਬਰ ਨੂੰ ਉਸ ਦੀ ਉਡਾਣ ਅੱਜ 5 ਦਸੰਬਰ ਦੀ ਕਰ ਦਿੱਤੀ ਗਈ ਤੇ ਹੁਣ ਅੱਜ ਸਵੇਰ 7 ਵਜੇ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਤੇ ਸਟਾਫ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਇਥੇ ਹੀ ਇੰਗਲੈਂਡ ਤੋਂ ਪੁੱਜੇ ਇੱਕ ਗੁਰਸਿੱਖ ਨਿਹੰਗ ਬਾਣੇ ਵਿਚ ਸੱਜੇ ਵਿਦੇਸ਼ੀ ਪ੍ਰਵਾਸੀ ਸਿੱਖ ਨੇ ਦੱਸਿਆ ਕਿ ਉਹ ਇੰਗਲੈਂਡ ਤੋਂ ਏਥੇ ਆਏ ਸਨ ਤੇ ਉਸ ਨਾਲ ਉਸ ਦਾ ਕਰੀਬ 9 ਵਰਿ੍ਹਆਂ ਦਾ ਪੁੱਤਰ ਵੀ ਆਇਆ ਹੈ | ਉਨ੍ਹਾਂ ਦੱਸਿਆ ਕਿ ਇੱਥੋਂ ਪਹਿਲਾਂ ਉਨ੍ਹਾਂ ਘਰੇਲੂ ਉਡਾਣ ਸੀ ਤੇ ਬਾਅਦ ਵਿਚ ਅੱਗੋਂ ਅੰਤਰਰਾਸ਼ਟਰੀ ਉਡਾਣ ਸੀ | ਉਨ੍ਹਾਂ ਅੱਗੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਇੱਥੋਂ ਉਡਾਨ 'ਤੇ ਸਫਰ ਕਰਨ ਲਈ ਇੱਥੇ ਪੁੱਜੇ ਸਨ ਪਰੰਤੂ ਉਡਾਣ ਰੱਦ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ 21 ਘੰਟੇ ਡੱਕ ਕੇ ਰੱਖਿਆ ਗਿਆ | ਪੂਣੇ, ਬੰਗਲੌਰ, ਦਿੱਲੀ ਜਾਣ ਵਾਲੇ ਯਾਤਰੀਆਂ ਨੇ ਕਿਹਾ ਕਿ ਇੱਥੇ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਉਡਾਨ ਰੱਦ ਕਰ ਦਿੱਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਏਅਰਲਾਈਨ ਵਲੋਂ ਕੋਈ ਸੁਨੇਹਾ ਵੀ ਨਹੀਂ ਭੇਜਿਆ ਗਿਆ | ਅੱਜ ਦਿੱਲੀ, ਪੁਣੇ, ਹੈਦਰਾਬਾਦ, ਅਹਿਮਦਾਬਾਦ, ਮੁੰਬਈ ਅਤੇ ਸ੍ਰੀਨਗਰ ਤੋਂ ਏਥੇ ਪੁੱਜਣ ਵਾਲੀਆਂ ਇੰਡੀਗੋ ਏਅਰਲਾਈਨ ਦੀਆਂ ਘਰੇਲੂ 10 ਉਡਾਣਾਂ ਰੱਦ ਰਹੀਆਂ ਅਤੇ ਇੱਥੋਂ ਉਕਤ ਹਵਾਈ ਅੱਡਿਆਂ ਲਈ ਰਵਾਨਾ ਹੋਣ ਵਾਲੀਆਂ ਕਰੀਬ 8 ਉਡਾਣਾਂ ਰੱਦ ਰਹੀਆਂ | ਸ਼ਾਰਜਾਹ ਤੋਂ ਇੱਥੇ ਬਾਅਦ ਦੁਪਿਹਰ 3.05 ਵਜੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਣ ਆਪਣੀ ਸਮੇਂ ਤੋਂ ਕਰੀਬ ਸਾਢੇ ਤਿੰਨ ਘੰਟੇ ਦੇਰੀ ਨਾਲ ਸ਼ਾਮ 6.38 ਵਜੇ ਪਹੁੰਚੀ | ਸ਼ਾਰਜਾਹ ਤੋਂ ਹੀ ਰਾਤ 9 ਵਜੇ ਇੱਥੇ ਪਹੁੰਚਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਨ ਦੇਰੀ ਵਿਚ ਚੱਲ ਰਹੀ ਹੈ | ਅੰਮਿ੍ਤਸਰ ਤੋਂ ਸ਼ਾਮ 6.20 'ਤੇ ਸ਼ਾਰਜਾਹ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਆਪਣੇ ਸਮੇਂ ਤੋਂ ਕਰੀਬ ਤਿੰਨ ਘੰਟੇ ਦੇਰੀ 'ਚ ਰਹੀ | ਇਸ ਤੋਂ ਇਲਾਵਾ ਕੁਝ ਕੁ ਘਰੇਲੂ ਉਡਾਣਾਂ ਵੀ ਨਿਰਧਾਰਿਤ ਸਮੇਂ ਤੋਂ ਦੇਰੀ ਵਿਚ ਰਹੀਆਂ | ਜਦੋਂ ਕਿ 5 ਤੇ 6 ਦਸੰਬਰ ਦੀ ਦਰਮਿਆਨੀ ਰਾਤ 1 ਵਜੇ ਦੁਬਈ ਤੋਂ ਏਥੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਵੀ ਰੱਦ ਕਰ ਦਿੱਤੀ ਗਈ ਹੈ |