ਮੂਣਕ (ਸੰਗਰੂਰ), 25 ਦਸੰਬਰ-ਬਾਸਮਤੀ ਦੇ ਭਾਅ ਲਗਾਤਾਰ ਤੇਜ਼ੀ ਨਾਲ ਵਧ ਰਹੇ ਹਨ ਅਤੇ ਪਿਛਲੇ ਇਕ ਮਹੀਨੇ ਦੌਰਾਨ ਹੀ ਬਾਸਮਤੀ ਦੀਆਂ ਕੁਝ ਕਿਸਮਾਂ 'ਚ 35 ਫ਼ੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ | ਬਾਸਮਤੀ ਦੇ ਪ੍ਰਮੁੱਖ ਕਾਸ਼ਤਕਾਰ ਸੂਬੇ ਪੰਜਾਬ ਅਤੇ ਹਰਿਆਣਾ 'ਚ ਭਾਰੀ ਬਾਰਸ਼ ਕਾਰਨ ਬਾਸਮਤੀ ਦੀ ਫ਼ਸਲ ਘੱਟ ਹੋਣ ਕਾਰਨ ਅਤੇ ਗਲੋਬਲ ਮੰਡੀ 'ਚ ਬਾਸਮਤੀ ਦੀ ਮੰਗ ਵਧਣ ਕਾਰਨ ਬਾਸਮਤੀ ਦੇ ਭਾਅ ਲਗਾਤਾਰ ਵੱਧ ਰਹੇ ਹਨ ਅਤੇ ਜਾਣਕਾਰਾਂ ਅਨੁਸਾਰ ਬਾਸਮਤੀ ਦੇ ਭਾਅ ਹੋਰ ਵੀ ਵੱਧ ਸਕਦੇ ਹਨ | ਹਰਿਆਣਾ ਦੀ ਫ਼ਤਿਆਬਾਦ ਮੰਡੀ 'ਚ ਮੁੱਛਲ ਬਾਸਮਤੀ ਅੱਜ ਸਾਰੇ ਰਿਕਾਰਡ ਤੋੜਦੇ ਹੋਏ 4600 ਰੁਪਏ ਕੁਇੰਟਲ ਤੱਕ ਵਿੱਕ ਚੁੱਕਾ ਹੈ | ਬਾਸਮਤੀ ਦੇ ਭਾਅ ਤੇ ਮੰਗ ਵਧਣ ਨਾਲ ਬਾਸਮਤੀ ਚੌਲਾਂ ਦੇ ਵਪਾਰੀਆਂ 'ਚ ਤਾ ਰਾਹਤ ਪਾਈ ਜਾ ਰਹੀ ਹੈ ਪਰ ਬਾਸਮਤੀ ਦੇ ਕਾਸ਼ਤਕਾਰ ਕਿਸਾਨਾਂ 'ਚ ਮਾਯੂਸੀ ਜ਼ਰੂਰ ਪਾਈ ਜਾ ਰਹੀ ਹੈ | ਠੇਕੇ 'ਤੇ ਜ਼ਮੀਨਾਂ ਲੈ ਕੇ ਕਾਸ਼ਤਕਾਰ ਕਿਸਾਨਾਂ 'ਚ ਇਸ ਗੱਲ ਦੀ ਵੀ ਮਾਯੂਸੀ ਪਾਈ ਜਾ ਰਹੀ ਹੈ ਕਿ ਉਹ ਅਗਲੇ ਸਾਲ ਲਈ ਜ਼ਮੀਨਾਂ ਦਾ ਠੇਕਾ ਜਿਸ ਭਾਅ ਸ਼ੁਰੂ 'ਚ ਬਾਸਮਤੀ ਝੋਨਾ ਵੇਚਿਆ ਹੈ ਮੁਤਾਬਿਕ ਲਾਉਣ ਜਾ ਫਿਰ ਹੁਣ ਜੋ ਭਾਅ ਵਿੱਕ ਰਿਹਾ ਹੈ ਉਸ ਮੁਤਾਬਿਕ ਠੇਕਾ ਲਾਉਣ | ਕਿਸਾਨ ਬਾਸਮਤੀ ਦੀ ਖੇਤੀ ਨੂੰ ਸੱਟਾ ਹੀ ਸਮਝਦੇ ਹਨ | ਬਾਸਮਤੀ ਦੀ ਖ਼ਰੀਦ ਸੋ ਫ਼ੀਸਦੀ ਨਿੱਜੀ ਵਪਾਰੀਆਂ ਵਲੋਂ ਕੀਤੀ ਜਾਂਦੀ ਹੈ ਸੋ ਕਿਸਾਨਾਂ ਅਨੁਸਾਰ ਬਾਸਮਤੀ ਦੀ ਖ਼ਰੀਦ 'ਚ ਸਰਕਾਰੀ ਦਖ਼ਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਬਾਸਮਤੀ ਦੀ ਖੇਤੀ ਕਰਨ 'ਚ ਜ਼ੋਖ਼ਮ ਘੱਟ ਜਾਵੇ | ਭਾਰਤ ਬਾਸਮਤੀ ਚੌਲਾਂ ਦਾ ਵੱਡਾ ਉਤਪਾਦਕ ਅਤੇ ਬਰਾਮਦਕਾਰ ਦੇਸ਼ ਹੈ ਅਤੇ 170 ਦੇਸ਼ਾਂ ਨੂੰ ਬਾਸਮਤੀ ਚੌਲ ਬਰਾਮਦ ਕਰਦਾ ਹੈ ਅਤੇ ਗਲੋਬਲ ਮੰਡੀ ਦੀ ਬਰਾਮਦ 'ਚ ਭਾਰਤ ਦੀ 70 ਫ਼ੀਸਦੀ ਤੱਕ ਹਿੱਸੇਦਾਰੀ ਹੈ | ਇਸ ਸਾਲ 2025-26 'ਚ ਅਪ੍ਰੈਲ ਤੋਂ ਅਗਸਤ ਤੱਕ ਭਾਰਤ 27 ਲੱਖ ਟਨ ਬਾਸਮਤੀ ਚੌਲਾਂ ਦੀ ਬਰਾਮਦ ਕਰ ਚੁੱਕਾ ਹੈ ਜੋ ਕਿ ਪਿਛਲੇ ਸਾਲ ਨਾਲੋਂ 6 ਲੱਖ ਟਨ ਵੱਧ ਹੈ | ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਲਾਏ ਗਏ 50 ਫ਼ੀਸਦੀ ਟੈਰਿਫ ਅਤੇ ਹੋਰ ਵਾਧੂ ਟੈਰਿਫ ਲਾਉਣ ਦੀ ਧਮਕੀ ਦੇ ਬਾਵਜੂਦ ਅਤੇ ਈਰਾਨ ਦੇ ਵਿਗੜ ਰਹੇ ਹਾਲਾਤ ਦੇ ਬਾਵਜੂਦ ਭਾਰਤੀ ਬਾਸਮਤੀ ਦੀ ਮੰਗ ਵੱਧ ਰਹੀ ਹੈ |