ਅੰਮਿ੍ਤਸਰ, 30 ਦਸੰਬਰ (ਰੇਸ਼ਮ ਸਿੰਘ)-ਸਰਹੱਦ ਪਾਰ ਪਾਕਿ ਤੋਂ ਹੈਰੋਇਨ ਤੇ ਆਈਸ ਡਰਗ ਦੀ ਤਸਕਰੀ ਦਾ ਮਾਮਲਾ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਸੰਬੰਧ ਰੱਖਣ ਵਾਲੇ ਇਕ ਸਰਹੱਦ ਪਾਰ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਗਿ੍ਫਤਾਰ ਕੀਤੇ ਤਸਕਰਾਂ ਦੇ ਕਬਜ਼ੇ 'ਚੋਂ 4.075 ਕਿਲੋਗ੍ਰਾਮ ਹੈਰੋਇਨ, 1 ਕਿਲੋਗਾ੍ਰਮ ਆਈਸ ਡਰਗ (ਮੈਥਾਮਫੇਟਾਮਾਈਨ) ਅਤੇ 1.9 ਐਮ.ਐਮ. ਗਲੋਕ ਪਿਸਤੌਲ ਬਰਾਮਦ ਕੀਤਾ ਹੈ, ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮਿ੍ਤਸਰ ਦੇ ਪਿੰਡ ਜਸਰਾਊਰ ਦੇ ਜੱਜਬੀਰ ਸਿੰਘ ਉਰਫ਼ ਜੱਜ (21), ਅਜਨਾਲਾ ਦੇ ਜਸਪਾਲ ਸਿੰਘ ਉਰਫ਼ ਜੱਸ (22), ਪਿੰਡ ਲੋਪਾ ਦੇ ਅਨਮੋਲਪ੍ਰੀਤ ਸਿੰਘ (19), ਪਿੰਡ ਸੰਦਲਪੁਰ ਦੇ ਹਰਪਿੰਦਰ ਸਿੰਘ ਉਰਫ਼ ਭਿੰਦਾ (32), ਪਿੰਡ ਸੰਦਲਪੁਰ ਦੇ ਤਰੁਣਪ੍ਰੀਤ ਸਿੰਘ (20) ਸਾਰੇ ਜ਼ਿਲ੍ਹਾ ਗੁਰਦਾਸਪੁਰ ਤੇ ਅੰਮਿ੍ਤਸਰ ਦੇ ਪਿੰਡ ਬੂਆਨੰਗਲੀ ਦੇ ਦਵਿੰਦਰ ਸਿੰਘ ਉਰਫ਼ ਬਾਊ (33) ਅਤੇ ਮਨਦੀਪ ਸਿੰਘ (24) ਵਜੋਂ ਹੋਈ ਹੈ | ਸੀ.ਪੀ. ਸ: ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਤਸਕਰੀ ਕਰਕੇ ਸੋਸ਼ਲ ਮੀਡੀਆ ਰਾਹੀਂ ਸਥਾਨਕ ਸੰਪਰਕ ਰਾਹੀਂ ਸੂਬੇ ਭਰ ਵਿਚ ਵੰਡੇ ਜਾ ਰਹੇ ਸਨ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜੇ.ਐਸ. ਸੰਧੂ , ਏ.ਸੀ.ਪੀ. ਰਿਸ਼ਭ ਭੋਲਾ ਤੇ ਸੀ.ਆਈ.ਏ. ਸਟਾਫ ਦੇ ਇੰਸ ਅਮੋਲਕਦੀਪ ਸਿੰਘ ਆਦਿ ਹਾਜ਼ਰ ਸਨ |
ਪਾਕਿ ਤੋਂ ਆ ਰਹੀ ਹੈਰੋਇਨ ਤੇ ਆਈਸ ਡਰੱਗ ਤਸਕਰੀ ਦਾ ਪਰਦਾਫਾਸ਼ <br/>
ਅਜੀਤ ਡੈਸਕ
31-12-2025