ਐੱਸ. ਏ. ਐੱਸ. ਨਗਰ, 30 ਦਸੰਬਰ (ਕਪਿਲ ਵਧਵਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕਿ੍ਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦੀ ਸੋਮਵਾਰ ਦੇਰ ਰਾਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ | ਇਹ ਦੁਖਦਾਈ ਘਟਨਾ ਸਥਾਨਕ ਫੇਜ਼-5 'ਚ ਸਥਿਤ ਕੋਠੀ ਨੰਬਰ 1764 ਵਿਖੇ ਵਾਪਰੀ, ਜਿਥੇ ਕਿ ਮੌਜੂਦਾ ਡੈਬਟ ਰਿਕਵਰੀ ਟਿ੍ਬਿਊਨਲ ਦੇ ਵਕੀਲ ਗੋਇਲ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ ਅਤੇ ਪਹਿਲੀ ਮੰਜ਼ਿਲ 'ਤੇ ਉਨ੍ਹਾਂ ਦਾ ਦਫ਼ਤਰ ਬਣਿਆ ਹੋਇਆ ਹੈ | ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਥੇ ਇਹ ਘਟਨਾ ਵਾਪਰੀ, ਉਸ ਦੇ ਨਜ਼ਦੀਕ ਹੀ ਡੀ. ਸੀ. ਮੁਹਾਲੀ ਦੀ ਸਰਕਾਰੀ ਰਿਹਾਇਸ਼ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਘਰ ਦਾ ਕੰਮ ਕਰਨ ਵਾਲੀ ਇਕ ਮਹਿਲਾ ਜਦੋਂ ਕੋਠੀ 'ਚ ਦਾਖ਼ਲ ਹੋਈ ਤਾਂ ਉਸ ਨੇ ਅੰਦਰ ਫਰਸ਼ 'ਤੇ ਅਸ਼ੋਕ ਗੋਇਲ ਦੀ ਲਾਸ਼ ਨੂੰ ਦੇਖ ਕੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਇਸ ਮੌਕੇ ਘਰ ਦਾ ਨੌਕਰ ਵੀ ਕੁਰਸੀ 'ਤੇ ਬੰਨਿ੍ਹਆ ਹੋਇਆ ਮਿਲਿਆ | ਸੂਚਨਾ ਮਿਲਣ ਤੋਂ ਬਾਅਦ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ | ਪੁਲਿਸ ਅਨੁਸਾਰ ਘਰ ਵਿਚ ਸਾਮਾਨ ਖਿੱਲਰਿਆ ਹੋਇਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੁੱਟ ਦਾ ਮਾਮਲਾ ਹੋ ਸਕਦਾ ਹੈ | ਫੋਰੈਂਸਿਕ ਟੀਮ ਵਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ | ਸੀ. ਸੀ. ਟੀ. ਵੀ. ਫੁਟੇਜ਼ ਅਨੁਸਾਰ ਘਰ ਵਿਚ ਦੋ ਅਣਪਛਾਤੇ ਵਿਅਕਤੀ ਰਾਤ ਦੇ ਕਰੀਬ 11.45 ਵਜੇ ਦਾਖ਼ਲ ਹੁੰਦੇ ਹਨ | ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜੇਕਰ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਦੀ ਹੱਤਿਆ ਕੀਤੀ ਤਾਂ ਜਵਾਨ ਨੌਕਰ ਨੂੰ ਕੋਈ ਨੁਕਸਾਨ ਕਿਉਂ ਨਹੀਂ ਪਹੁੰਚਾਇਆ | ਇਸ ਦੇ ਚਲਦਿਆਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਨੌਕਰ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਹਿਰਾਸਤ 'ਚ ਲਿਆ ਨੌਕਰ ਨੀਰਜ (25) ਪਿਛਲੇ ਲਗਭਗ 9 ਸਾਲ ਤੋਂ ਗੋਇਲ ਪਰਿਵਾਰ ਕੋਲ ਕੰਮ ਕਰ ਰਿਹਾ ਹੈ | ਇਸ ਘਟਨਾ ਮੌਕੇ ਕਿ੍ਸ਼ਨ ਕੁਮਾਰ ਗੋਇਲ ਆਪਣੀ ਛੋਟੀ ਧੀ ਅਸ਼ਮਿਤਾ ਸਮੇਤ ਮਸਕਟ ਵਿਖੇ ਆਪਣੀ ਦੂਜੀ ਧੀ ਆਇਸ਼ਾ ਨੂੰ ਮਿਲਣ ਲਈ ਗਏ ਹੋਏ ਸਨ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ | ਉਧਰ ਸਥਾਨਕ ਥਾਣਾ ਫੇਜ਼-1 ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦੀ ਧਾਰਾ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਇਸ ਮਾਮਲੇ ਬਾਰੇ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਲੁੱਟ ਅਤੇ ਹੱਤਿਆ ਦਾ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਮੌਕੇ ਵਕੀਲ ਕੇ. ਕੇ. ਗੋਇਲ ਆਪਣੀ ਧੀ ਨਾਲ ਵਿਦੇਸ਼ ਵਿਚ ਸਨ ਅਤੇ ਪਿੱਛੇ ਘਰ ਵਿਚ ਸਿਰਫ਼ ਉਨ੍ਹਾਂ ਦੀ ਪਤਨੀ ਅਤੇ ਇਕ ਨੌਕਰ ਹੀ ਮੌਜੂਦ ਸੀ | ਉਨ੍ਹਾਂ ਕਿਹਾ ਕਿ ਪੁਲਿਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਉਕਤ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |
ਹਾਈ ਕੋਰਟ ਦੇ ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ <br/>
ਅਜੀਤ ਡੈਸਕ
31-12-2025