ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ 'ਚ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਅਜੀਤ ਡੈਸਕ
25-12-2025
ਠੱਠੀ ਭਾਈ, 24 ਦਸੰਬਰ (ਜਗਰੂਪ ਸਿੰਘ ਮਠਾੜੂ)-ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਇਸ ਮੌਕੇ ਰੇਸ਼ਮ ਸਿੰਘ ਠੱਠੀ ਭਾਈ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਧਾਰਮਿਕ ਦੀਵਾਨ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਤਾ ਗੁਜਰੀ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀਸ਼ਰੀਆਂ, ਵਾਰਾਂ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ ਤੇ ਅੱਖਾਂ 'ਚ ਅੱਥਰੂ ਲਿਆ ਦਿੱਤੇ | ਇਸ ਮੌਕੇ ਸਤਿਨਾਮ ਸਰਬ ਕਲਿਆਣ ਟਰੱਸਟ ਮੋਗਾ ਜ਼ੋਨ ਦੇ ਸੁਪਰਵਾਈਜ਼ਰ ਹਰਦੀਪ ਸਿੰਘ ਨੇ ਕਿਹਾ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਵਲੋਂ ਧਰਮ ਦੀ ਰਾਖੀ ਲਈ ਦਿੱਤੀ ਗਈ ਕੁਰਬਾਨੀ ਸਿੱਖ ਇਤਿਹਾਸ ਦੀ ਅਮਰ ਮਿਸਾਲ ਹੈ, ਜੋ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਸੱਚ, ਸਬਰ ਤੇ ਧਰਮ ਦੇ ਰਾਹ 'ਤੇ ਟਿਕੇ ਰਹਿਣ ਦੀ ਪੇ੍ਰਰਨਾ ਦਿੰਦੀ ਹੈ | ਅਵਤਾਰ ਸਿੰਘ ਸਾਹੋਕੇ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ | ਸਮਾਗਮ ਦੇ ਅੰਤ 'ਚ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਸਕੂਲ ਪ੍ਰਬੰਧਕਾਂ ਗੁਰਸੇਵਕ ਸਿੰਘ ਚਾਨੀ, ਗੁਰਨੈਬ ਸਿੰਘ ਅਕਾਲੀ, ਅੰਗਰੇਜ਼ ਸਿੰਘ ਮਾਨ, ਜਸਵਿੰਦਰ ਸਿੰਘ ਬਰਾੜ ਅਤੇ ਜਸਕਰਨ ਸਿੰਘ ਅਕਾਲੀ ਵਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀ ਸੰਗਤਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਸਮੇਤ ਸਮੁੱਚੀ ਗ੍ਰਾਮ ਪੰਚਾਇਤ, ਮਾੜੀ ਮੁਸਤਫ਼ਾ, ਮੌੜ ਨੌਂ ਆਬਾਦ, ਚੀਦਾ, ਸੁਖਾਨੰਦ, ਸੇਖਾ ਕਲਾਂ, ਚੌਧਰੀ ਵਾਲਾ ਆਦਿ ਹਾਜ਼ਰ ਸਨ |