ਸੰਗਰੂਰ, 1 ਨਵੰਬਰ (ਧੀਰਜ ਪਸੌਰੀਆ)-ਵਧੀਕ ਸੈਸ਼ਨ ਜੱਜ ਮੈਡਮ ਮਨਜਿੰਦਰ ਦੀ ਅਦਾਲਤ ਨੇ ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀ 'ਤੇ ਸੁਣਵਾਈ ਮੁਕੰਮਲ ਹੋਣ ਉੱਤੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਬ ਦੇ ਮਾਮਲੇ ਵਿਚੋਂ ਇੱਕ ਲੜਕੇ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਦਰ ਅਹਿਮਦਗੜ੍ਹ ਵਿਖੇ 16 ਦਸੰਬਰ 2022 ਨੂੰ ਦਰਜ ਮਾਮਲੇ ਮੁਤਾਬਕ ਪੀੜਤ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੈਂ ਨਿਆਣੀ ਉਮਰ ਦੀ ਹੋਣ ਕਾਰਨ ਨਿਰਮਿੰਦਰਜੀਤ ਸਿੰਘ ਵਾਸੀ ਪਿੰਡ ਰਾਣਵਾ ਦੇ ਝਾਂਸੇ ਵਿਚ ਆ ਗਈ | ਜਿਸ ਨੇ ਮੈਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ | ਜੂਨ 2020 ਵਿਚ ਉਸ ਨੇ ਮੈਨੂੰ ਆਪਣੇ ਘਰ ਬੁਲਾ ਲਿਆ ਜਿੱਥੇ ਚਾਹ ਵਿਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਦੇ ਦਿੱਤੀ ਅਤੇ ਇਸ ਤੋਂ ਬਾਅਦ ਜ਼ਬਰ ਜਨਾਹ ਕੀਤਾ | ਇਸ ਦੌਰਾਨ ਉਸ ਨੇ ਮੇਰੀਆਂ ਇਤਰਾਜ਼ਯੋਗ ਹਾਲਤ ਵਿਚ ਫ਼ੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਈ, ਇਸੇ ਦੌਰਾਨ ਉਸ ਨੇ ਗੈਰ ਕੁਦਰਤੀ ਢੰਗ ਨਾਲ ਸੈਕਸ ਵੀ ਕੀਤਾ | ਇਸ ਘਟਨਾ ਤੋਂ ਬਾਅਦ ਉਹ ਮੈਨੂੰ ਖਿੱਚੀਆਂ ਫ਼ੋਟੋਆਂ ਅਤੇ ਵੀਡੀਓ ਦਿਖਾ ਕੇ ਬਲੈਕਮੇਲ ਕਰਦਾ ਰਹਿੰਦਾ ਅਤੇ ਜ਼ਬਰਦਸਤੀ ਨਾਲ ਸੈਕਸ ਕਰਦਾ ਰਹਿੰਦਾ | ਅਜਿਹਾ ਨਾ ਕਰਨ ਤੇ ਉਹ ਮੈਨੂੰ ਫ਼ੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ | ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਨਿਰਮਿੰਦਰਜੀਤ ਸਿੰਘ ਖ਼ਿਲਾਫ਼ ਜਬਰ ਜ਼ਿਨਾਹ ਦੀਆਂ ਧਾਰਾਵਾਂ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਨਿਰਮਿੰਦਰਜੀਤ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |