ਸੰਗਰੂਰ, 1 ਨਵੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਜੱਗਮਿਲਾਪ ਸਿੰਘ ਖ਼ੁਸ਼ਦਿਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਦਾਜ ਦਹੇਜ ਮੰਗਣ ਅਤੇ ਧੋਖਾਧੜੀ ਦੇ ਇੱਕ ਮਾਮਲੇ 'ਚੋਂ ਵਿਆਹੁਤਾ ਦੇ ਸੱਸ ਸਹੁਰਾ ਸਮੇਤ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਐਨ.ਆਰ.ਆਈ. ਸੰਗਰੂਰ ਵਿਖੇ 10 ਅਕਤੂਬਰ 2016 ਨੂੰ ਦਰਜ ਮਾਮਲੇ ਮੁਤਾਬਿਕ ਸ਼ਿਕਾਇਤਕਰਤਾ ਅਰਸ਼ਦੀਪ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 6 ਨਵੰਬਰ 2014 ਨੂੰ ਸਿੱਖ ਰੀਤੀ ਮੁਤਾਬਿਕ ਦਲਵੀਰ ਸਿੰਘ ਵਾਸੀ ਭੱਦਲ ਥੂਹਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨਾਲ ਹੋਇਆ ਸੀ | ਵਿਆਹ ਤੋਂ ਦੋ ਹਫ਼ਤਿਆਂ ਬਾਅਦ ਹੀ ਸਹੁਰਾ ਘਰ ਨੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਵਿਆਹ ਉਨ੍ਹਾਂ ਦੀ ਇੱਛਾ ਮੁਤਾਬਿਕ ਨਹੀਂ ਕੀਤਾ ਗਿਆ, 25 ਦਸੰਬਰ 2014 ਨੂੰ ਪਤੀ ਦਲਵੀਰ ਸਿੰਘ ਕੈਨੇਡਾ ਵਾਪਸ ਚੱਲਿਆ ਗਿਆ | ਸਹੁਰਾ ਘਰ ਦੀ ਮੰਗ 'ਤੇ ਸ਼ਿਕਾਇਤਕਰਤਾ ਦੇ ਪਿਤਾ ਨੇ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਉਥੇ ਆ ਕੇ ਸਹੁਰੇ ਨੂੰ 10 ਲੱਖ ਰੁਪਈਆਂ ਦੇ ਦਿੱਤਾ | 27 ਜਨਵਰੀ 2015 ਦੇ ਸ਼ਿਕਾਇਤਕਰਤਾ ਦੇ ਪਤੀ ਨੇ ਉਸ ਦੀ ਫਾਈਲ ਉਸ ਦੀ ਸਪੋਸਰਸ਼ਿਪ ਲਈ ਅਬੈਂਸੀ ਵਿਚ ਅਪਲਾਈ ਕਰ ਦਿੱਤੀ | ਇਸ ਦੌਰਾਨ ਉਹ ਆਪਣੇ ਸਹੁਰਾ ਘਰ ਰਹਿੰਦੀ ਰਹੀ | ਹੁਣ ਇੱਥੇ ਉਸ ਨੰੂ ਪ੍ਰੇਸ਼ਾਨ ਕਰਨਾ ਸ਼ੁਰੂ ਹੋ ਗਿਆ ਅਤੇ ਕੁੱਟਮਾਰ ਵੀ 1 ਅਕਤੂਬਰ 2015 ਵਿਚ ਉਸ ਦੇ ਸੱਸ ਸਹੁਰਾ ਉਸ ਨੂੰ ਬਹਾਨੇ ਨਾਲ ਪੇਕੇ ਘਰ ਛੱਡ ਗਏ ਅਤੇ ਆਪ ਕੈਨੇਡਾ ਚਲੇ ਗਏ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦਾਜ ਦਹੇਜ ਮੰਗਣ ਅਤੇ ਧੋਖਾਧੜੀ ਦੀਆਂ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਨੇ ਸੱਸ ਪਰਮਜੀਤ ਕੌਰ, ਸਹੁਰਾ ਬਲਵੀਰ ਸਿੰਘ ਅਤੇ ਕਰਮਜੀਤ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ |