ਮਲੇਰਕੋਟਲਾ, 1 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹੇ ਨੂੰ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਮੁੱਖ ਅਫ਼ਸਰ ਮੈਡਮ ਹਰਪ੍ਰੀਤ ਕੌਰ ਸੰਧੂ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ | ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਬਾਲ ਸੁਰੱਖਿਆ ਵਿਭਾਗ ਦੀ ਟੀਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮਲੇਰਕੋਟਲਾ ਸ਼ਹਿਰ ਵਿਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਅਭਿਆਨ ਤਹਿਤ ਸਥਾਨਕ ਸਰਕਾਰੀ ਕਾਲਜ ਵਲੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਟੀਮ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਬੱਚਿਆਂ ਨੂੰ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ | ਬੱਚਿਆਂ ਦੀ ਜਾਂਚ ਪੜਤਾਲ ਅਤੇ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ, ਇਸ ਸ਼ਰਤ ਨਾਲ ਕਿ ਉਹ ਆਪਣੇ ਬੱਚਿਆਂ ਨੂੰ ਭਵਿੱਖ ਵਿਚ ਕਦੇ ਵੀ ਭੀਖ ਮੰਗਣ ਲਈ ਘਰ ਤੋਂ ਬਾਹਰ ਨਹੀਂ ਭੇਜਣਗੇ ਅਤੇ ਉਨ੍ਹਾਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਲੈਣਗੇ | ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵਿਸ਼ੇਸ਼ ਕਾਉਂਸਲਿੰਗ ਦਿੱਤੀ ਗਈ ਅਤੇ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਕਿ ਜੇਕਰ ਦੁਬਾਰਾ ਉਨ੍ਹਾਂ ਦੇ ਬੱਚੇ ਸ਼ਹਿਰ ਵਿਚ ਭੀਖ ਮੰਗਦੇ ਪਾਏ ਗਏ ਤਾਂ ਉਨ੍ਹਾਂ ਨੂੰ ਜਲੰਧਰ ਦੇ ਹੋਮ ਘਰ ਭੇਜ ਦਿੱਤਾ ਜਾਵੇਗਾ | ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਇਹ ਚੈਕਿੰਗ ਅਭਿਆਨ ਅਗਲੇ ਦਿਨਾਂ ਵਿਚ ਵੀ ਨਿਰੰਤਰ ਜਾਰੀ ਰਹੇਗਾ ਤਾਂ ਜੋ ਜ਼ਿਲ੍ਹੇ ਨੂੰ ਬਾਲ ਭਿਖਿਆ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ | ਇਸ ਚੈਕਿੰਗ ਅਭਿਆਨ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੂਬੀਨ ਕੁਰੇਸ਼ੀ (ਸੀ.ਪੀ.ਓ), ਹੈੱਡਮਾਸਟਰ ਕੁਲਵਿੰਦਰ ਸਿੰਘ, ਰਫ਼ੀਕ ਮੁਹੰਮਦ, ਗੁਰਜੰਟ ਸਿੰਘ, ਜਸਪ੍ਰੀਤ ਕੌਰ, ਚਾਈਲਡ ਲਾਈਨ ਸੁਪਰਵਾਈਜ਼ਰ ਯੂਨਿਸ, ਕਾਉਂਸਲਰ ਰਵਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਪਰਗਟ ਸਿੰਘ ਅਤੇ ਬਾਲ ਸੁਰੱਖਿਆ ਯੂਨਿਟ ਦੀ ਪੂਰੀ ਟੀਮ ਮੌਜੂਦ ਸੀ |