ਲਹਿਰਾਗਾਗਾ, 1 ਨਵੰਬਰ (ਅਸ਼ੋਕ ਗਰਗ)-ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਸਦਰ ਥਾਣਾ ਲਹਿਰਾਗਾਗਾ ਦਾ ਦੌਰਾ ਕੀਤਾ | ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਲੜਾਈ ਝਗੜਿਆਂ ਤੋਂ ਬਚਣ, ਵਾਤਾਵਰਨ ਦੀ ਸੰਭਾਲ ਕਰਨ ਦੇ ਨਾਲ-ਨਾਲ ਚੰਗੀ ਪੜ੍ਹਾਈ ਕਰ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਵਹੀਕਲ ਨਾ ਚਲਾਉਣ ਅਤੇ ਮੋਬਾਈਲ ਦੀ ਦੁਰਵਰਤੋਂ ਬਾਰੇ ਸੁਚੇਤ ਕੀਤਾ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਾਡਾ ਭਵਿੱਖ ਹਨ | ਇਨ੍ਹਾਂ ਦਾ ਭਵਿੱਖ ਤਾਂ ਹੀ ਵਧੀਆ ਹੋਵੇਗਾ, ਜੇਕਰ ਵਰਤਮਾਨ ਵਿਚ ਚੰਗੀ ਸੇਧ ਦਿੱਤੀ ਜਾਵੇ | ਉਨ੍ਹਾਂ ਵਿਦਿਆਰਥੀਆਂ ਨੂੰ ਪੁਲਿਸ ਵਿਭਾਗ ਦੇ ਕੰਮਾਂ ਕਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਮੌਜੂਦ ਅਧਿਆਪਕ ਸੁਭਾਸ਼ ਚੰਦ ਮਿੱਤਲ ਨੇ ਥਾਣਾ ਮੁਖੀ ਕਰਮਜੀਤ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਥਾਣੇਦਾਰ ਸ਼ਗਨਪ੍ਰੀਤ ਸਿੰਘ ਵੀ ਮੌਜੂਦ ਸਨ |