ਮਲੇਰਕੋਟਲਾ, 1 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਸੂਬਾ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਭਲਾਈ ਵਿਭਾਗ ਪੰਜਾਬ ਵਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਐੱਸ.ਸੀ. ਵਰਗ ਦੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀਬਾੜੀ ਮਸ਼ੀਨਾਂ ਤੇ ਸਬਸਿਡੀ ਉਪਲਬਧ ਕਰਵਾਉਣ ਲਈ ਆਨਲਾਈਨ ਪੋਰਟਲ ਨੂੰ ਦੁਬਾਰਾ ਖੋਲ੍ਹ ਦਿੱਤਾ ਹੈ ਤਾਂ ਕਿ ਇਸ ਵਰਗ ਦੇ ਕਿਸਾਨ ਇਸ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕਣ | ਸਿਵਾਏ ਜ਼ਿਲ੍ਹਾ ਤਰਨਤਾਰਨ ਬਾਕੀ ਸਾਰੇ ਜ਼ਿਲਿ੍ਹਆਂ ਦੇ ਐੱਸ.ਸੀ. ਵਰਗ ਨਾਲ ਸਬੰਧਿਤ ਕਿਸਾਨ ਆਪਣੀਆਂ ਅਰਜ਼ੀਆਂ 3 ਨਵੰਬਰ ਤੱਕ ਪੋਰਟਲ ਰਾਹੀਂ ਦੇ ਸਕਦੇ ਹਨ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਿਤ ਵੱਧ ਤੋਂ ਵੱਧ ਕਿਸਾਨ ਇਸ ਮੌਕੇ ਦਾ ਲਾਹਾ ਲੈਣ | ਮਸ਼ੀਨਾਂ ਵਿਚ ਸੁਪਰ ਐੱਸ.ਐੱਮ.ਐੱਸ., ਹੈਪੀ / ਸਮਾਰਟ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਜੀਰੋ ਟਿੱਲ ਡਰਿੱਲ, ਬੇਲਰ/ਰੇਕ, ਸ਼ਰਬ/ਰੋਟਰੀ ਸ਼ਲੈਸ਼ਰ, ਪੈਡੀ ਸਟਰਾਅ ਚੌਪਰ/ਸ਼ਰੈਡਰ ਮਲਚਰ, ਕਰਾਪ ਰੀਪਰ, ਉਲਟਾਵੇਂ ਪਲਾਓ ਆਦਿ ਸ਼ਾਮਿਲ ਹਨ, ਇਸ ਤੋਂ ਇਲਾਵਾ ਹੋਰ ਮਸ਼ੀਨਾਂ ਦੀ ਸੂਚੀ ਪੋਰਟਲ ਤੋਂ ਦੇਖੀ ਜਾ ਸਕਦੀ ਹੈ | ਕਸਟਮ ਹਾਈਰਿੰਗ ਸੈਂਟਰ ਅਤੇ ਪੈਡੀ ਸਪਲਾਈ ਚੇਨ ਸੈਂਟਰ ਸਥਾਪਿਤ ਕਰਨ ਲਈ ਵੀ ਅਰਜ਼ੀਆਂ ਇਸੇ ਪੋਰਟਲ ਰਾਹੀਂ ਦਿੱਤੀਆਂ ਜਾ ਸਕਦੀਆਂ ਹਨ | ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਭਾਰੀ ਸਬਸਿਡੀ ਉੱਪਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਸੂਬੇ ਨੂੰ ਸਟੱਬਲ ਬਰਨਿੰਗ ਮੁਕਤ ਬਣਾਇਆ ਜਾ ਸਕੇ, ਕਿਸਾਨ ਇਸ ਵਿਚ ਆਪਣਾ ਯੋਗਦਾਨ ਜ਼ਰੂਰ ਦੇਣ | ਇਸ ਮੌਕੇ ਕਈ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |