ਸੰਗਰੂਰ, 22 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਪਿੰਡ ਭਿੰਡਰਾਂ ਵਿਚ ਲਗਾਇਆ ਗਿਆ ਸੁਵਿਧਾ ਕੈਂਪ ਪਿੰਡ ਵਾਸੀਆਂ ਲਈ ਵੱਡੀ ਰਾਹਤ ਦਾ ਕਾਰਨ ਬਣਿਆ | ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੇ ਸਹਿਯੋਗ ਅਤੇ ਉਨ੍ਹਾਂ ਦੀ ਲੋਕ ਭਲਾਈ ਦੀ ਸੋਚ ਅਧੀਨ ਲਗਾਇਆ ਗਿਆ ਇਹ ਕੈਂਪ ਪਿੰਡ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਨੌਜਵਾਨਾਂ ਲਈ ਇੱਕ ਵੱਡਾ ਤੋਹਫ਼ਾ ਸਾਬਤ ਹੋਇਆ | ਕੈਂਪ ਵਿਚ ਮਿਲੀਆਂ ਆਸਾਨ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਕਾਰਨ ਪਿੰਡ ਵਾਸੀਆਂ ਨੇ ਡਾ. ਮਿੰਕੂ ਜਵੰਧਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਕਈ ਮਹੱਤਵਪੂਰਨ ਸਰਕਾਰੀ ਕੰਮ ਬਿਨਾਂ ਕਿਸੇ ਦਫ਼ਤਰੀ ਚੱਕਰ ਜਾਂ ਵਿਅਰਥ ਦੌੜ-ਭੱਜ ਤੋਂ ਇੱਕ ਹੀ ਥਾਂ ਮੁਕੰਮਲ ਕਰਨ ਦਾ ਮੌਕਾ ਮਿਲਿਆ | ਕੈਂਪ ਵਿਚ ਲਾਲ ਕਾਪੀਆਂ ਤਿਆਰ ਕਰਨ, ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਜਨਮ-ਮੌਤ ਸਰਟੀਫਿਕੇਟ, ਬੱਚਿਆਂ ਦੇ ਵਜ਼ੀਫ਼ੇ ਦੇ ਫਾਰਮ, ਡਰਾਈਵਿੰਗ ਲਾਇਸੈਂਸ ਲਈ ਦਸਤਾਵੇਜ਼ੀ ਸਹਾਇਤਾ, ਫ਼ਰੀ ਸਹੂਲਤਾਂ ਅਤੇ ਹੋਰ ਕਈ ਸਰਕਾਰੀ ਕਾਗ਼ਜ਼ੀ ਕਾਰਵਾਈ ਆਸਾਨੀ ਨਾਲ ਕੀਤੀ ਗਈ ਜਿਸ ਦਾ ਸਾਰਾ ਖਰਚਾ ਉਨ੍ਹਾਂ ਦੀ ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਕੀਤਾ ਜਾ ਰਿਹਾ ਹੈ | ਪਿੰਡ ਦੇ ਕਈ ਬਜ਼ੁਰਗਾਂ ਨੇ ਕਿਹਾ ਕਿ ਉਹ ਅਕਸਰ ਦਫ਼ਤਰਾਂ ਦੇ ਚੱਕਰ ਕੱਟਦੇ-ਕੱਟਦੇ ਥੱਕ ਜਾਂਦੇ ਹਨ, ਪਰ ਇਸ ਕੈਂਪ ਨੇ ਉਨ੍ਹਾਂ ਦੇ ਹੱਥੋਂ ਵੱਡੀ ਤਕਲੀਫ਼ ਦਾ ਬੋਝ ਲਾਹਤਾ ਹੈ | ਇਸ ਮੌਕੇ ਪਿੰਡ ਦੇ ਸਰਪੰਚ ਮੇਘ ਸਿੰਘ, ਬਲਪ੍ਰੀਤ ਬੱਬੂ, ਵਿੱਕੀ ਚੱਠਾ, ਸੋਨੰੂ ਕਲੋਦੀ, ਤਰਨਜੀਤ ਸਿੰਘ, ਹਰਮੇਸ਼ ਕੁਮਾਰ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਬਿੱਕਰਮਜੀਤ, ਇੰਦਰਜੀਤ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ | ਸਾਰੇ ਨੇ ਮਿਲ ਕੇ ਕਿਹਾ ਕਿ ਡਾ. ਮਿੰਕੂ ਜਵੰਧਾ ਦੀ ਲਗਨ ਅਤੇ ਸੇਵਾ ਭਾਵਨਾ ਕਾਰਨ ਹੀ ਪਿੰਡ ਭਿੰਡਰਾਂ ਵਿਚ ਲੋਕਾਂ ਦੇ ਦਰਵਾਜ਼ੇ ਤੱਕ ਸਰਕਾਰੀ ਸਹੂਲਤਾਂ ਪਹੁੰਚ ਰਹੀਆਂ ਹਨ ਅਤੇ ਸਾਰਾ ਖਰਚਾ ਉਨ੍ਹਾਂ ਦੀ ਅਗਵਾਈ ਹੇਠ ਉਨ੍ਹਾਂ ਦੀ ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਕੀਤਾ ਜਾ ਰਿਹਾ ਹੈ | ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਮੌਕੇ ਤੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪਿੰਡਾਂ ਦੀ ਤਰੱਕੀ ਅਤੇ ਵਾਸੀਆਂ ਦੀ ਸਹੂਲਤ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਹੂਲਤਾਂ ਹਰ ਘਰ ਤੱਕ ਬਿਨ੍ਹਾਂ ਕਿਸੇ ਭੇਦਭਾਵ ਦੇ ਪਹੁੰਚਣੀਆਂ ਚਾਹੀਦੀਆਂ ਹਨ | ਉਨ੍ਹਾਂ ਐਲਾਨ ਕੀਤਾ ਕਿ ਅਗਲੇ ਦਿਨਾਂ ਵਿਚ ਪਿੰਡ ਭਿੰਡਰਾਂ ਅਤੇ ਨੇੜਲੇ ਹੋਰ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਲ ਸਕਣ ਉਹ ਵੀ ਬਿਲਕੁਲ ਮੁਫ਼ਤ ਬਿਨ੍ਹਾਂ ਕਿਸੇ ਖਰਚੇ ਤੋਂ |