ਸੰਦੌੜ, 29 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਭੂਦਨ ਵਿਖੇ 24 ਦਸੰਬਰ ਇੱਕ ਵਿਧਵਾ ਔਰਤ, ਉਸ ਦੇ 8 ਸਾਲ ਦੇ ਪੁੱਤਰ ਅਤੇ ਵਿਧਵਾ ਔਰਤ ਦੀ ਬਜ਼ੁਰਗ ਮਾਂ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦਾ ਮਾਮਲਾ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ | ਅੱਜ ਪੰਜਵੇਂ ਦਿਨ ਲਗਾਤਾਰ ਥਾਣਾ ਸੰਦੌੜ ਅੱਗੇ ਮਿ੍ਤਕਾਂ ਦੇ ਰਿਸ਼ਤੇਦਾਰਾਂ ਵਲੋਂ ਧਰਨਾ ਲਗਾ ਕੇ ਸੜਕੀ ਆਵਾਜਾਈ ਜਾਮ ਕੀਤੀ ਗਈ | ਅੱਜ ਦੇ ਧਰਨੇ ਵਿਚ ਕਿਸਾਨ ਯੂਨੀਅਨ ਡਕੌਂਦਾ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ | ਅੱਜ ਦੇ ਧਰਨੇ ਵਿਚ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ, ਕਿਸਾਨ ਆਗੂ ਜਗਤਾਰ ਸਿੰਘ ਦੁੱਗਾ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ, ਜਗਰੂਪ ਸਿੰਘ ਸ਼ੇਰਪੁਰ, ਜੰਗੀਰ ਸਿੰਘ ਗੰਡੇਵਾਲ ਆਦਿ ਹਾਜ਼ਰ ਸਨ | ਧਰਨੇ ਦੌਰਾਨ ਸ਼ਾਮ ਵੇਲੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਮਿ੍ਤਕਾ ਦੇ ਭਰਾ ਕੁਲਦੀਪ ਸਿੰਘ ਨੇ ਭਰੇ ਮਨ ਨਾਲ ਸੰਦੌੜ ਪੁਲਿਸ ਦੀ ਹੁਣ ਤੱਕ ਦੀ ਕਾਰਗੁਜਾਰੀ ਤੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਪੁਲਿਸ ਤੋਂ ਇਨਸਾਫ਼ ਨਾ ਮਿਲਣ ਦਾ ਰੋਸ ਜ਼ਾਹਿਰ ਕਰਦੇ ਹੋਏ ਇਸ ਧਰਨੇ ਨੂੰ ਮਲੇਰਕੋਟਲਾ ਵਿਖੇ ਲਗਾਉਣ ਦਾ ਐਲਾਨ ਕਰ ਦਿੱਤਾ | ਇਸ ਫ਼ੈਸਲੇ ਤੋਂ ਬਾਅਦ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਾਮਿਲ ਹੋਏ ਲੋਕਾਂ ਨੇ ਇੱਕਜੁੱਟਤਾ ਕਰਦੇ ਹੋਏ ਪੁਲਿਸ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੰਦੌੜ ਵਿਖੇ ਲੱਗੇ ਧਰਨੇ ਨੂੰ ਸਮੇਟਦੇ ਹੋਏ ਮਲੇਰਕੋਟਲਾ ਸ਼ਹਿਰ ਦੀ ਸੜਕੀ ਆਵਾਜਾਈ ਜਾਮ ਕਰਨ ਦਾ ਐਲਾਨ ਕਰ ਦਿੱਤਾ | ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਤੁਰੰਤ ਹੀ ਪੁਲਿਸ ਹਰਕਤ ਵਿਚ ਆ ਗਈ | ਮਲੇਰਕੋਟਲਾ ਵਿਖੇ ਧਰਨਾ ਲਗਾਉਣ ਜਾ ਰਹੇ ਲੋਕਾਂ ਨੂੰ ਰਸਤੇ ਵਿਚ ਰੋਕ ਕੇ ਉਥੇ ਹਾਜਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਿਆ ਜਾਵੇਗਾ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਪੁਲਿਸ ਦਾ ਇਸ ਮਾਮਲੇ ਵਿਚ ਰਵੱਈਆ ਬਹੁਤ ਢਿੱਲਾ ਹੈ | ਉਨ੍ਹਾਂ ਕਿਹਾ ਕਿ ਸਾਡੀ ਮੰਗ ਸੀ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ, ਮਾਮਲੇ ਵਿਚ ਕਿਸੇ ਹੋਰ ਜ਼ਿਲੇ੍ਹ ਨਾਲ ਸਬੰਧਿਤ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਟੀਮ ਬਣਾ ਕੇ ਨਿਰਪੱਖ ਜਾਂਚ, ਮਿ੍ਤਕ ਲੜਕੀ ਦੇ ਫ਼ੋਨ ਦੀ ਪੜਤਾਲ ਕਰਕੇ ਮਾਮਲੇ ਦੀ ਜਾਂਚ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਸੀ ਪਰ ਪੁਲਿਸ ਨੇ ਇਸ ਮਾਮਲੇ ਵਿਚ ਸਾਰਾ ਦਿਨ ਲੋਕਾਂ ਵਲੋਂ ਰੱਖੀਆਂ ਗਈਆਂ ਮੰਗਾਂ ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਧਰਨੇ ਵਿਚ ਬੈਠੇ ਹੋਏ ਲੋਕਾਂ ਦਾ ਗ਼ੁੱਸਾ ਪੁਲਿਸ ਖ਼ਿਲਾਫ਼ ਵੱਧ ਗਿਆ | ਧਰਨੇ ਦੌਰਾਨ ਲੋਕਾਂ ਵਲੋਂ ਮੁੱਖ ਮਾਰਗ ਜਾਮ ਕਰਨ ਕਰਕੇ ਕਸਬਾ ਸੰਦੌੜ ਅੰਦਰ ਆਵਾਜਾਈ ਬਹੁਤ ਪ੍ਰਭਾਵਿਤ ਰਹੀ | ਰਾਹਗੀਰਾਂ ਕਾਫ਼ੀ ਖੱਜਲ ਖ਼ੁਆਰ ਹੁੰਦੇ ਰਹੇ | ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਰਾਹਗੀਰਾਂ ਦੀ ਮਦਦ ਲਈ ਹਾਜ਼ਰ ਨਹੀਂ ਰਿਹਾ ਅਤੇ ਲੋਕ ਕਾਫ਼ੀ ਖੱਜਲ ਖ਼ੁਆਰ ਹੋ ਕੇ ਜਾਮ ਵਿਚ ਫਸੇ ਰਹੇ | ਪਿੰਡ ਸੰਦੌੜ ਅੰਦਰ ਥਾਂ-ਥਾਂ 'ਤੇ ਜਾਮ ਦੀ ਸਥਿਤੀ ਬਣੀ ਰਹੀ |