ਸੰਗਰੂਰ, 29 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 4 ਜਨਵਰੀ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉੱਘੀ ਕਵਿੱਤਰੀ ਜਗਜੀਤ ਕੌਰ ਢਿੱਲਵਾਂ ਦੇ ਗ਼ਜ਼ਲ-ਸੰਗ੍ਰਹਿ 'ਵੰਝਲੀ ਦੀ ਤਾਨ' ਉੱਪਰ ਗੋਸ਼ਟੀ ਹੋਵੇਗੀ ਅਤੇ ਬਾਲ ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ 'ਸਬਜ਼ੀ ਭਾਜੀ' ਅਤੇ 'ਫ਼ਸਲਬਾੜੀ' ਲੋਕ ਅਰਪਣ ਕੀਤੇ ਜਾਣਗੇ | ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਡਾ. ਗੁਰਚਰਨ ਕੌਰ ਕੋਚਰ ਕਰਨਗੇ ਅਤੇ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਚੇਅਰਮੈਨ ਪੰਜਾਬ ਇਨਫੋਟੈਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਪੁਸਤਕ ਸਬੰਧੀ ਪਰਚਾ ਡਾ. ਮਨਜੀਤ ਸਿੰਘ ਯੂਨੀਵਰਸਿਟੀ ਕਾਲਜ ਢਿੱਲਵਾਂ ਪੜ੍ਹਨਗੇ ਅਤੇ ਵਿਚਾਰ ਚਰਚਾ ਵਿਚ ਡਾ. ਮੀਤ ਖਟੜਾ, ਡਾ. ਅਰਵਿੰਦਰ ਕੌਰ ਕਾਕੜਾ, ਸ੍ਰੀ ਤੇਜਿੰਦਰ ਮਾਰਕੰਡਾ ਹਿੱਸਾ ਲੈਣਗੇ | ਇਸ ਮੌਕੇ ਬਸੰਤ ਰੁੱਤ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ |