ਸੰਗਰੂਰ, 30 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਵਿਚ ਸਾਈਬਰ ਕ੍ਰਾਈਮ ਪੁਲਿਸ ਥਾਣਾ ਦੀ ਸਾਲ 2025 ਦੌਰਾਨ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਾਈਬਰ ਫਰਾਡ ਦੀਆਂ 1086 ਦਰਖਾਸਤਾਂ ਦਾ ਨਿਪਟਾਰਾ ਕਰ ਕੇ ਡੇਢ ਕਰੋੜ ਰੁਪਏ ਦੇ ਕਰੀਬ ਰਕਮ ਬਰਾਮਦ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਥਾਣੇ ਵਲੋਂ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਲਗਾਤਾਰ ਚੱਲ ਰਹੀ ਹੈ | ਸ੍ਰੀ ਚਾਹਲ ਨੇ ਦੱਸਿਆ ਕਿ ਲੋਕਾਂ ਦੇ ਗੁੰਮ ਅਤੇ ਖੋਹੇ ਹੋਏ 580 ਮੋਬਾਈਲ ਫ਼ੋਨ ਬਰਾਮਦ ਕਰ ਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਾਈਬਰ ਠੱਗੀ ਹੋਣ ਦੇ ਕੇਸ ਵਿਚ ਜੇਕਰ ਪਹਿਲੇ 2 ਘੰਟਿਆਂ ਦੌਰਾਨ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਠੱਗੀ ਹੋਈ ਰਕਮ ਵਾਪਸ ਮਿਲਣ ਦੇ ਮੌਕੇ ਜ਼ਿਆਦਾ ਵਧ ਜਾਂਦੇ ਹਨ |