ਫ਼ਿਰੋਜ਼ਪੁਰ, 22 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਸਰਹੱਦੀ ਇਲਾਕੇ ਦੇ ਦਾਨੀ ਪਰਿਵਾਰ ਵਜੋਂ ਜਾਣੇ ਜਾਂਦੇ ਸਾਈਆਂਵਾਲਾ ਪਰਿਵਾਰ ਦੇ ਅਸੀਸੀ ਪ੍ਰੀਤ ਸਿੰਘ ਸਾਈਆਂ ਵਾਲਾ ਨੇ ਨਿਸ਼ਕਾਮ ਸੇਵਾ ਦੀ ਅਨੋਖੀ ਮਿਸਾਲ ਪੈਦਾ ਕਰਦਿਆਂ ਹੜ੍ਹ ਪੀੜਿਤ ਬੱਚਿਆਂ ਲਈ ਇਕ ਵੱਡਾ ਉਪਰਾਲਾ ਕੀਤਾ ਹੈ | ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵ. ਸ. ਮਹਿੰਦਰ ਸਿੰਘ ਸਾਈਾਆਵਾਲਾ ਆਪਣੇ ਇਸੇ ਸੁਭਾਅ ਕਰਕੇ ਹੀ ਜਾਣੇ ਜਾਂਦੇ ਸਨ | ਉਹਨਾਂ ਦੇ ਸਪੁੱਤਰ ਸਵ. ਸ੍ਰ. ਰਤਿੰਦਰ ਸਿੰਘ ਨੀਲ ਸਾਈਾਆਵਾਲਾ ਦੇ ਸਪੁੱਤਰ ਅਸੀਸ ਪ੍ਰੀਤ ਸਿੰਘ ਸਾਈਾਆਵਾਲਾ ( ਚੇਅਰਮੈਨ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ) ਵੀ ਨੇ ਇਸ ਤੋਂ ਪਹਿਲਾਂ ਵੀ ਹੜ੍ਹਾਂ ਦੌਰਾਨ ਸੇਵਾ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਸੀ | ਅਸੀਸ ਪ੍ਰੀਤ ਸਿੰਘ ਸਾਈਾਆਵਾਲਾ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ਵਿਚ ਪੜ੍ਹਦੇ ਇਲਾਕੇ ਦੇ ਉਹਨਾਂ ਸਾਰੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਨਿੱਜੀ ਤੌਰ ਤੇ ਉਠਾਉਂਦੇ ਹਨ, ਜਿਨ੍ਹਾਂ ਨੂੰ ਹੜ੍ਹਾਂ ਨੇ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਦੱਸਿਆ ਕਿ ਇਸ ਦੇ ਅੰਤਰਗਤ ਪਿੰਡ ਮੁੱਠੀਆਂ ਵਾਲਾ, ਬਸਤੀ ਰੱਤੋ ਕੇ, ਪਿੰਡ ਡਾਲੇਵਾਲਾ, ਪਿੰਡ ਕਮਲਾ ਮਿੱਡੂ, ਪਿੰਡ ਮਾਛੀਵਾੜਾ (ਚੌਂਕੀ ਨੇਕੀ ਰਾਮ), ਪਿੰਡ ਫੱਤੇਵਾਲਾ, ਪਿੰਡ ਨਿਹਾਲਾ ਲਵੇਰਾ, ਪਿੰਡ ਅਸੀਂ ਕੇ, ਪਿੰਡ ਬੱਗੇਵਾਲਾ, ਪਿੰਡ ਨਿਜ਼ਾਮ ਵਾਲਾ, ਪਿੰਡ ਦੁੱਲਾ ਸਿੰਘ ਵਾਲਾ (ਕੋਟ ਬੁੱਢਾ), ਪਿੰਡ ਬਡਾਲਾ, ਪਿੰਡ ਹਾਮਦਵਾਲਾ , ਪਿੰਡ ਟੱਲੀ ਗ਼ੁਲਾਮ, ਪਿੰਡ ਜੱਲੋ ਕੇ (ਤਰਨਤਾਰਨ, ਪਿੰਡ ਰੱਤੀਆਂ ਵਾਲੀ ਭੈਣੀ (ਫ਼ਾਜ਼ਿਲਕਾ) ਆਦਿ ਪਿੰਡਾਂ ਦੇ ਵਿਦਿਆਰਥੀ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਖ਼ਰਚ ਉਹ ਚੁੱਕ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਹਲਾਸ਼ੇਰੀ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਹਰ ਤਰ੍ਹਾਂ ਦੀ ਸੰਭਵ ਮਦਦ ਲਈ ਤਿਆਰ ਹਨ |