ਬਠਿੰਡਾ, 21 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਉਡੀਕ ਘਰ ਦੀ ਪਾਰਕਿੰਗ ਕੋਲ ਇਕ ਲਾਸ਼ ਪਈ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗੋਇਲ ਐਂਬੂਲੈਂਸ ਟੀਮ ਸਮੇਤ ਰੇਲਵੇ ਉਡੀਕ ਘਰ ਪਾਰਕਿੰਗ ਵਿਚ ਪਹੁੰਚੇ, ਜਿਥੇ ਇਕ ਵਿਅਕਤੀ ਦੀ ਲਾਸ਼ ਪਈ ਸੀ | ਸਹਾਰਾ ਮੈਂਬਰ ਸੰਦੀਪ ਗੋਇਲ ਨੇ ਦੱਸਿਆ ਕਿ ਮਿ੍ਤਕ ਦੀ ਠੰਡ ਨਾਲ ਮੌਤ ਹੋਈ ਜਾਪਦੀ ਹੈ | ਸਹਾਰਾ ਟੀਮ ਵਲੋਂ ਰੇਲਵੇ ਪੁਲਿਸ ਥਾਣੇ ਇਤਲਾਹ ਦਿੱਤੀ ਤਾਂ ਜੀ.ਆਰ.ਪੀ. ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਪੜਤਾਲ ਕੀਤੀ | ਪੁਲਿਸ ਨੇ ਲਾਸ਼ ਦੀ ਜਾਂਚ ਕੀਤੀ ਪ੍ਰੰਤੂ ਮਿ੍ਤਕ ਕੋਲੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਮਿ੍ਤਕ ਦੀ ਪਹਿਚਾਣ ਹੋ ਸਕੇ | ਜਾਂਚ ਪੜਤਾਲ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਸਹਾਰਾ ਜਨ ਸੇਵਾ ਵਾਲਿਆਂ ਦੇ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ |