ਤਲਵੰਡੀ ਸਾਬੋ, 21 ਦਸੰਬਰ (ਰਣਜੀਤ ਸਿੰਘ ਰਾਜੂ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਦੇ ਮੂਲ ਢਾਂਚੇ 'ਚ ਬਦਲਾਅ ਕਰਕੇ ਉਸਨੂੰ ਵਿਕਸਤ ਭਾਰਤ ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜ਼ੀਵਕਾ ਮਿਸ਼ਨ ਗ੍ਰਾਮੀਣ (ਵੀ.ਬੀ.ਜੀ-ਰਾਮ-ਜੀ) ਬਣਾ ਦੇਣ ਨਾਲ ਰੋਜ਼ਗਾਰ ਦਾ ਸਰੂਪ ਬਦਲ ਜਾਵੇਗਾ ਅਤੇ ਮਾਹਿਰਾਂ ਦੁਆਰਾ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨਵਾਂ ਬਿੱਲ ਲਾਗੂ ਹੋਣ ਤੇ ਵੱਡੀ ਗਿਣਤੀ ਉਨ੍ਹਾਂ ਲੋਕਾਂ ਤੋਂ ਰੋਜ਼ਗਾਰ ਖੋਹ ਲਿਆ ਜਾਵੇਗਾ, ਜਿਨ੍ਹਾਂ ਨੂੰ ਮਨਰੇਗਾ ਰਾਹੀਂ ਰੋਜ਼ਗਾਰ ਮਿਲ ਰਿਹਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ | ਸਿੱਧੂ ਜੋ ਕਿ ਪਿੰਡ ਲੇਲੇਵਾਲਾ 'ਚ ਇੱਕ ਕਿ੍ਕੇਟ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਆਏ ਸਨ ਨੇ ਬਾਅਦ 'ਚ ਗੱਲਬਾਤ ਕਰਦਿਆਂ ਕਿਹਾ ਕਿ ਮਨਰੇਗਾ 3 ਮੁੱਖ ਸਿਧਾਂਤਾਂ ਰੋਜ਼ਗਾਰ ਪ੍ਰਦਾਨ ਕਰਨਾ, ਟਿਕਾਊ ਰੋਜ਼ੀ ਰੋਟੀ ਨੂੰ ਯਕੀਨੀ ਬਣਾਉਣ ਲਈ ਰੋਜ਼ਗਾਰ ਰਾਹੀਂ ਸਥਾਨਕ ਬੁਨਿਆਦੀ ਢਾਂਚਾ ਬਣਾਉਣਾ ਅਤੇ ਰੋਜ਼ਗਾਰ ਨਿਰਧਾਰਿਤ ਕਰਨ ਲਈ ਗ੍ਰਾਮ ਪੰਚਾਇਤ ਪੱਧਰ ਤੇ ਫ਼ੈਸਲਾ ਲੈਣਾ ਉੱਪਰ ਆਧਾਰਿਤ ਸੀ, ਪਰ ਨਵਾਂ ਕਾਨੂੰਨ ਅਗਰ ਲਾਗੂ ਹੁੰਦਾ ਹੈ ਤਾਂ ਗ੍ਰਾਮ ਪੰਚਾਇਤਾਂ ਤੋਂ ਰੋਜ਼ਗਾਰ ਦੇਣ ਦੀ ਪ੍ਰਵਾਨਗੀ ਦੇ ਹੱਕ ਖੋਹ ਕੇ ਕੇਂਦਰ ਸਰਕਾਰ ਨੂੰ ਦੇ ਦਿੱਤੇ ਜਾਣਗੇ ਅਤੇ ਉਸ ਸੂਰਤ 'ਚ ਕੇਂਦਰ ਸਰਕਾਰ ਹੀ ਫ਼ੈਸਲਾ ਕਰੇਗੀ ਕਿ ਕਿਸਨੂੰ, ਕਿੱਥੇ ਅਤੇ ਕਦੋਂ ਰੋਜ਼ਗਾਰ ਦੇਣਾ ਹੈ | ਉਨ੍ਹਾਂ ਨੇ ਨਵੇਂ ਬਿੱਲ ਨੂੰ ਪੇਂਡੂ ਮਨਰੇਗਾ ਕਾਮਿਆਂ ਦੇ ਹੱਕਾਂ ਤੇ ਡਾਕਾ ਕਰਾਰ ਦਿੱਤਾ | ਉੱਧਰ ਟੂਰਨਾਮੈਂਟ ਦੌਰਾਨ ਸਿੱਧੂ ਨੇ ਟੂਰਨਾਮੈਂਟ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਸਮੇਂ ਦੀ ਲੋੜ ਹੈ | ਸਿੱਧੂ ਨਾਲ ਇਸ ਮੌਕੇ ਬਲਵੰਤ ਸਿੰਘ ਲੇਲੇਵਾਲਾ, ਮੇਜਰ ਸਿੰਘ ਸਾਬਕਾ ਸਰਪੰਚ ਲੇਲੇਵਾਲਾ, ਮਨਪ੍ਰੀਤ ਸਿੰਘ ਧਾਲੀਵਾਲ ਸ਼ੇਖਪੁਰਾ, ਸੁਰਜੀਤ ਸ਼ਿੰਦੀ ਜਗਾ ਰਾਮ ਤੀਰਥ, ਹਰਪਾਲ ਗਾਟਵਾਲੀ, ਹਰਜਿੰਦਰ ਸਿੰਘ ਜਿੰਦਾ ਜੀਵਨ ਸਿੰਘ ਵਾਲਾ ਤੇ ਗੁਰਵਿੰਦਰ ਸਿੰਘ ਦੁੱਨੇਵਾਲਾ ਆਦਿ ਮੌਜੂਦ ਦਿਖਾਈ ਦਿੱਤੇ |
ਮਨਰੇਗਾ ਦੇ ਮੂਲ ਢਾਂਚੇ 'ਚ ਕੇਂਦਰ ਵਲੋਂ ਬਦਲਾਅ ਕਰਨ ਨਾਲ ਰੋਜ਼ਗਾਰ ਦਾ ਸਰੂਪ ਬਦਲੇਗਾ-ਸਿੱਧੂ <br/>
ਅਜੀਤ ਡੈਸਕ
22-12-2025