ਦੋਰਾਹਾ, 3 ਜੂਨ (ਪੱਤਰ ਪ੍ਰੇਰਕ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਦੋਰਾਹਾ ਦੀ ਇੱਕ ਅਹਿਮ ਮੀਟਿੰਗ ਬਲਾਕ ਕਨਵੀਨਰ ਬਲਵਿੰਦਰ ਸਿੰਘ ਮੰਡਿਆਲਾ ਅਤੇ ਸੂਬਾ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਦੀ ਸਾਂਝੀ ਅਗਵਾਈ ਵਿਚ ਦੋਰਾਹਾ ਵਿਖੇ ਹੋਈ | ਜਿਸ ਵਿਚ ਜਨਰਲ ਸਕੱਤਰ ਬਲਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ | ਪਰੰਤੂ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ | ਸਰਕਾਰ ਨੇ ਨਵੰਬਰ 2022 ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ, ਪ੍ਰੰਤੂ ਅੱਜ ਤੱਕ ਉਹ ਨੋਟੀਫ਼ਿਕੇਸ਼ਨ ਲਾਗੂ ਨਹੀਂ ਕੀਤਾ | ਹੁਣ ਜਥੇਬਦੀੰ ਤਿੱਖੇ ਸੰਘਰਸ਼ ਦੇ ਰੋਹ ਵਿਚ ਹੈ, ਜਿਸ ਦੀ ਸ਼ੁਰੂਆਤ 12 ਜੂਨ ਨੂੰ ਲੁਧਿਆਣੇ ਤੋਂ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਐਕਸ਼ਨ ਵਿਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਨਾਲ ਸੀ. ਪੀ. ਐਫ. ਯੂਨੀਅਨ ਪੰਜਾਬ ਵੀ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੇਗੀ | ਇਸ ਮੌਕੇ ਰਵਿੰਦਰ ਸਿੰਘ ਦੋਰਾਹਾ, ਸੁਖਵੰਤ ਸਿੰਘ ਪਨੈਚ, ਗੁਰਪ੍ਰੀਤ ਸਿੰਘ ਨਸਰਾਲੀ, ਕੁਲਦੀਪ ਸਿੰਘ ਦੋਰਾਹਾ, ਸੰਦੀਪ ਸਿੰਘ ਮਹਿੰਦੀਪੁਰ, ਦੇਵੀ ਦਿਆਲ ਪਹੇੜੀ ਆਦਿ ਹਾਜ਼ਰ ਸਨ |