ਖੰਨਾ, 3 ਸਤੰਬਰ (ਹਰਜਿੰਦਰ ਸਿੰਘ ਲਾਲ)-ਥਾਣਾ ਸਦਰ ਖੰਨਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਈਸੜੂ ਦੇ ਇੰਚਾਰਜ ਏ. ਐੱਸ. ਆਈ. ਬਲਵੀਰ ਸਿੰਘ ਪੁਲਿਸ ਮੁਲਾਜ਼ਮਾਂ ਦੇ ਨਾਲ ਈਸੜੂ ਦੀ ਅਨਾਜ ਮੰਡੀ ਕੋਲ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੇ ਸੀ | ਇਸੇ ਦੌਰਾਨ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਤਾਂ ਉਕਤ ਵਿਅਕਤੀ ਦੇ ਕਬਜ਼ੇ ਚੋਂ 30 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਉਸ ਨੂੰ ਕਾਬੂ ਕਰ ਲਿਆ | ਏ. ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਬੀਰੂ ਸਿੰਘ ਵਾਸੀ ਪਿੰਡ ਕੌੜੀ ਵਜੋਂ ਹੋਈ ਹੈ | ਜਿਸ ਦੇ ਖ਼ਿਲਾਫ਼ ਥਾਣਾ ਸਦਰ ਖੰਨਾ ਵਿਖੇ ਐਨ. ਡੀ. ਪੀ. ਐੱਸ. ਐਕਟ ਦੀ ਧਾਰਾ 22/61/85 ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |