ਡੇਹਲੋਂ, 5 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਡੇਹਲੋਂ ਦੇ ਲੋਕ ਪਿਛਲੇ ਦੋ ਮਹੀਨਿਆਂ ਤੋਂ ਨਰਕ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅਤੇ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਰਿਹਾ ਹੈ ਜਿਸ ਨੂੰ ਪੀਣ ਕਾਰਨ ਲੋਕਾਂ ਅੰਦਰ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਜਦਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ¢ ਕਸਬੇ ਦੇ ਮੁੱਖ ਬਾਜ਼ਾਰ ਦੇ ਨਾਲ ਲੱਗਦੇ ਮੁਹੱਲੇ ਦੀਆਂ ਗਲੀਆਂ ਵਿਚ ਨਾਲੀਆਂ ਦਾ ਗੰਦਾ ਪਾਣੀ ਖੜ੍ਹਾ ਹੈ, ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਜ਼ਿਕਰਯੋਗ ਹੈ ਕਿ ਇੱਕ ਗਲੀ ਵਿਚ ਤਾਂ ਪਿਛਲੇ ਲੰਬੇ ਸਮੇਂ ਤੋਂ ਪਾਣੀ ਖੜ੍ਹਦਾ ਜਾ ਰਿਹਾ ਹੈ ਅਤੇ ਹੁਣ ਪਿਛਲੇ ਦੋ ਮਹੀਨਿਆਂ ਤੋਂ ਦੋ ਹੋਰ ਗਲੀਆਂ, ਪੁਰਾਣੇ ਪਟਵਾਰਖ਼ਾਨੇ ਵਾਲੀ ਗਲੀ ਅਤੇ ਇਸ ਦੇ ਨਾਲ ਲੱਗਦੀ ਇੱਕ ਹੋਰ ਗਲੀ ਵਿਚ ਵੀ ਨਾਲੀਆਂ ਦਾ ਗੰਦਾ ਪਾਣੀ ਖੜ੍ਹਨ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋ ਕੇ ਰਹਿ ਗਿਆ ਹੈ | ਜਦਕਿ ਇਸ ਦਾ ਕੋਈ ਹੱਲ ਨਹੀਂ ਹੋ ਰਿਹਾ¢ ਸਵੇਰ ਤੋਂ ਬਾਅਦ ਇੱਥੇ ਗੰਦਾ ਪਾਣੀ ਖੜ੍ਹਨਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਦਿਨ ਚੜ੍ਹਨ ਦੇ ਨਾਲ ਨਾਲ ਪੂਰੀ ਗਲੀ ਨੂੰ ਅਪਣੀ ਲਪੇਟ ਵਿਚ ਲੈ ਲੈਂਦਾ ਹੈ | ਜਿਸ ਨਾਲ ਮੁਹੱਲੇ ਦੇ ਲੋਕਾਂ ਨੂੰ ਅਪਣੇ ਘਰਾਂ ਤੱਕ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ¢ ਇੱਥੋਂ ਤੱਕ ਕਿ ਬਜ਼ੁਰਗ, ਮਹਿਲਾਵਾਂ ਅਤੇ ਛੋਟੇ ਸਕੂਲੀ ਬੱਚੇ ਵੀ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ¢ ਖੜ੍ਹੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਹਰ ਵਕਤ ਬਣਿਆ ਰਹਿੰਦਾ ਹੈ¢ ਖੜ੍ਹੇ ਪਾਣੀ ਵਿੱਚ ਮੱਛਰਾਂ ਦੀ ਵੀ ਬਹੁਤਾਤ ਹੋ ਗਈ ਹੈ, ਜਿਸ ਨਾਲ ਡੇਂਗੂ ਵਰਗੀ ਜਾਨਲੇਵਾ ਬਿਮਾਰੀ ਦੇ ਫੈਲਣ ਦਾ ਵੀ ਖ਼ਦਸ਼ਾ ਹੈ¢ ਮੀਂਹ ਪੈਣ ਤੋਂ ਬਾਅਦ ਤਾਂ ਸਥਿਤੀ ਹੋਰ ਵੀ ਬਦ ਤੋਂ ਬਦਤਰ ਹੋ ਜਾਂਦੀ ਹੈ ਅਤੇ ਇੱਥੋਂ ਲੰਘਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਅਤੇ ਗੰਦਾ ਪਾਣੀ ਗਲੀ 'ਚ ਹੋਏ ਸਰਕਾਰੀ ਸਬਮਰਸੀਬਲ ਪੰਪ ਦੇ ਬੋਰ 'ਚ ਚਲਾ ਜਾਂਦਾ ਹੈ | ਜਿਸ ਨਾਲ ਉਹੀ ਪਾਣੀ ਪੰਪ ਰਾਹੀਂ ਲੋਕਾਂ ਦੇ ਘਰਾਂ 'ਚ ਜਾਂਦਾ ਹੈ ਅਤੇ ਲੋਕ ਇਸੇ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਹਨ | ਇਸ ਦੇ ਨਾਲ ਵੀ ਬਿਮਾਰੀਆਂ ਲੱਗਣ ਦਾ ਡਰ ਹੈ¢ ਗੱਲ ਕੀ ਮੁਹੱਲੇ ਦੇ ਲੋਕ ਬਹੁਤ ਹੀ ਤੰਗ ਅਤੇ ਪ੍ਰੇਸ਼ਾਨ ਹਨ | ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ¢ ਮਹੀਨਾ ਕੁ ਪਹਿਲਾਂ ਪਿੰਡ ਦੀ ਪੰਚਾਇਤ ਵਲੋਂ ਪੰਪ ਮਸ਼ੀਨ ਮੰਗਵਾ ਕੇ ਪਾਣੀ ਨੂੰ ਕਢਵਾਇਆ ਗਿਆ ਸੀ, ਪਰ ਦੋ ਕੁ ਦਿਨਾਂ ਬਾਅਦ ਤੋਂ ਹੀ ਸਥਿਤੀ ਫਿਰ ਜਿਉਂ ਦੀ ਤਿਉਂ ਬਣੀ ਹੋਈ ਹੈ¢ ਉਸ ਤੋਂ ਬਾਅਦ ਲੋਕ ਇਕੱਠੇ ਹੋ ਕੇ ਬੀ. ਡੀ. ਪੀ. ਓ. ਡੇਹਲੋਂ ਕੋਲ ਵੀ ਅਪਣੀ ਫ਼ਰਿਆਦ ਲੈ ਕੇ ਗਏ¢ ਇੱਕ ਪੰਚਾਇਤ ਸਕੱਤਰ ਦੀ ਡਿਊਟੀ ਵੀ ਲਗਾਈ ਗਈ | ਪਰ ਕਿਸੇ ਨੇ ਮੌਕੇ 'ਤੇ ਆ ਕੇ ਦੇਖਣਾ ਵੀ ਮੁਨਾਸਬ ਨਹੀਂ ਸਮਝਿਆ¢ ਲੋਕਾਂ ਨੇ ਸੜਕੀ ਮਹਿਕਮੇ ਨੂੰ ਵੀ ਪੁਲੀ ਬੰਦ ਹੋਣ ਬਾਰੇ ਦੱਸਿਆ | ਪਰ ਜਦੋਂ ਹੁਣ ਪਾਣੀ ਓਵਰਫ਼ਲੋ ਹੋ ਕੇ ਸੜਕ ਤੋਂ ਦੀ ਵਗਣ ਲੱਗਾ ਤਾਂ ਪੀ. ਡਬਲਯੂ. ਡੀ. ਵਿਭਾਗ ਨੇ ਸੜਕ ਟੁੱਟਣ ਦੇ ਡਰੋਂ ਅਪਣੇ ਕਰਮਚਾਰੀਆਂ ਨੂੰ ਪਾਣੀ ਦੇ ਹੱਲ ਲਈ ਭੇਜਿਆ ਪਰ ਇੱਕ ਵਿਅਕਤੀ ਵਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ¢ ਉਸ ਤੋਂ ਬਾਅਦ ਲੋਕ ਫਿਰ ਉਸੇ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਵਕਤ ਬਿਮਾਰੀਆਂ ਦਾ ਡਰ ਸਤਾ ਰਿਹਾ ਹੈ¢ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਗਲੀਆਂ ਚ ਖੜ੍ਹੇ ਗੰਦੇ ਪਾਣੀ ਦਾ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਕਿ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਣ ਤੋਂ ਪਹਿਲਾਂ ਹੀ ਉਸ ਨੂੰ ਰੋਕਿਆ ਜਾ ਸਕੇ¢