ਜੌੜੇਪੁਲ ਜਰਗ, 22 ਦਸੰਬਰ (ਪਾਲਾ ਰਾਜੇਵਾਲੀਆ)-20ਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਸੰਤ ਬਾਬਾ ਕਿਸ਼ਨ ਸਿੰਘ ਰਾੜਾ ਸਾਹਿਬ ਅਤੇ ਸੰਤ ਬਾਬਾ ਤੇਜਾ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ (ਭੋਰਾ ਸਾਹਿਬ) ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸੰਤ ਆਸ਼ਰਮ ਧਬਲਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਰੌਸ਼ਨ ਸਿੰਘ ਦੇ ਦੇਖਰੇਖ ਹੇਠ ਗੁ. ਸੰਤ ਆਸ਼ਰਮ ਧਬਲਾਨ ਵਿਖੇ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਭਾਵਨਾ ਮਨਾਈ ਜਾ ਰਹੀ ਹੈ | ਬਰਸੀ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਰੌਸ਼ਨ ਸਿੰਘ ਧਬਲਾਨ ਵਾਲਿਆਂ, ਰਾੜਾ ਸਾਹਿਬ ਦੇ ਸੈਕਟਰੀ ਭਾਈ ਰਣਧੀਰ ਸਿੰਘ ਢੀਂਡਸਾ ਅਤੇ ਸੰਤ ਬਾਬਾ ਗੁਰਮੁਖ ਸਿੰਘ ਆਲੋਵਾਲ ਵਾਲਿਆਂ ਨੇ ਦੱਸਿਆ ਕਿ 3 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਵੱਖ ਵੱਖ ਸੰਪਰਦਾਵਾਂ ਦੇ ਮੁਖੀ, ਸੰਤ ਮਹਾਂਪੁਰਸ਼, ਕਥਾ ਵਾਚਕ, ਰਾਗੀ, ਢਾਡੀ ਅਤੇ ਪੰਥ ਪ੍ਰਸਿੱਧ ਵਿਦਵਾਨ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਅਤੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਮਹਾਂਪੁਰਸ਼ਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨਗੇ | ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਸਪ੍ਰੀਤ ਸਿੰਘ ਹੰਸ ਪਟਿਆਲਾ ਵਲੋਂ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਹੋਮਿਓਪੈਥੀ ਕੈਂਪ ਅਤੇ ਖ਼ੂਨਦਾਨ ਕੈਂਪ ਤੋਂ ਇਲਾਵਾ ਵੱਖ ਵੱਖ ਬਿਮਾਰੀਆਂ ਦੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ |