ਸ਼ਹਿਣਾ, 21 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਨੇੜਲੇ ਪਿੰਡਾਂ ਅਤੇ ਹੋਰ ਥਾਵਾਂ 'ਤੇ ਨਕਲੀ ਬਣੀਆਂ ਮਠਿਆਈਆਂ ਦੀ ਵਿੱਕਰੀ ਜ਼ੋਰਾਂ 'ਤੇ ਰਹੀ ਪਰ ਸਿਹਤ ਵਿਭਾਗ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਇਸ ਵਾਰ ਚੱੁਪ ਰਹੇ | ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ ਇਕ ਦਹਾਕੇ ਤੋਂ ਪਸ਼ੂਆਂ ਦੀ ਘਟ ਰਹੀ ਗਿਣਤੀ ਤੇ ਨਕਲੀ ਤਿਆਰ ਹੋ ਰਹੇ ਦੱੁਧ ਦੀ ਚਰਚਾ ਹੁੰਦੀ ਆ ਰਹੀ ਹੈ, ਪਿੰਡਾਂ ਅਤੇ ਕਸਬਿਆਂ ਵਿਚ ਧੜਾਧੜ ਖੁੱਲੇ੍ਹ ਹੋਟਲਾਂ ਵਾਲਿਆਂ ਨੇ ਨਕਲੀ ਮਠਿਆਈ ਦੀ ਵਿੱਕਰੀ ਧੜੱਲੇ ਨਾਲ ਕੀਤੀ | ਸ਼ਹਿਣਾ ਤੋਂ ਇਲਾਵਾ ਸਨਅਤੀ ਕਸਬਾ ਪੱਖੋ ਕੈਂਚੀਆਂ, ਇੱਥੋਂ ਤੱਕ ਕਿ ਪਿੰਡਾਂ ਵਿਚ ਫਾਸਟ ਫੂਡ ਦੀਆਂ ਦੁਕਾਨਾਂ ਕਰਨ ਵਾਲੇ ਵੀ ਦੀਵਾਲੀ ਦੇ ਇਸ ਤਿਉਹਾਰ ਮੌਕੇ ਨਕਲੀ ਮਠਿਆਈਆਂ ਵੇਚ ਕੇ ਹੱਥ ਰੰਗ ਗਏ | ਸੋਸ਼ਲ ਮੀਡੀਆ 'ਤੇ ਸਸਤੀ ਮਠਿਆਈਆਂ ਦੇਣ ਦੇ ਕੀਤੇ ਪ੍ਰਚਾਰ ਦੇ ਬਾਵਜੂਦ ਸਿਹਤ ਵਿਭਾਗ ਨੇ ਉਕਤ ਮਠਿਆਈਆਂ ਦੀ ਗੁਣਵੱਤਾ ਦੀ ਕੋਈ ਜਾਂਚ ਨਹੀਂ ਕੀਤੀ, ਜਦਕਿ ਪਿਛਲੇ ਸਮਿਆਂ ਦੌਰਾਨ ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਚੌਕਸੀ ਵਰਤਦਿਆਂ ਹੋਟਲਾਂ ਤੇ ਮਠਿਆਈਆਂ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਦਿਆਂ ਸ਼ੱਕੀ ਖਾਧ ਪਦਾਰਥਾਂ ਦੇ ਸੈਂਪਲ ਭਰਦੇ ਸਨ, ਪਰ ਇਸ ਵਾਰ ਕਿਸੇ ਵੀ ਪਿੰਡ ਜਾਂ ਕਸਬੇ ਵਿਚ ਹੋਟਲਾਂ ਤੋਂ ਖਾਧ ਪਦਾਰਥ ਦਾ ਕੋਈ ਸੈਂਪਲ ਨਹੀਂ ਭਰਿਆ ਗਿਆ | ਇੱਥੋਂ ਤੱਕ ਕਿ ਕਈ ਹੋਟਲ ਅਤੇ ਮਠਿਆਈ ਦੀਆਂ ਦੁਕਾਨਾਂ ਅਜਿਹੀਆਂ ਵੀ ਹਨ, ਜਿੱਥੇ ਕਦੇ ਵੀ ਦੱੁਧ ਮੱੁਲ ਨਹੀਂ ਲਿਆ ਜਾਂਦਾ, ਪਰ ਫਿਰ ਵੀ ਉਪਰੋਕਤ ਥਾਵਾਂ 'ਤੇ ਖੋਏ ਦੀਆਂ ਮਠਿਆਈਆਂ ਤਿਆਰ ਕਰ ਕੇ ਵੇਚੀਆਂ ਗਈਆਂ | ਇਲਾਕੇ ਵਿਚ ਖੋਆ ਅਤੇ ਘਿਉ ਦਾ ਕੰਮ ਕਰਨ ਵਾਲੇ ਡੇਅਰੀ ਵਾਲੇ ਇੱਕਾ ਦੱੁਕਾ ਹਨ, ਜਿਨ੍ਹਾਂ ਦੀਆਂ ਕਿ ਆਪਣੀਆਂ ਮਠਿਆਈ ਦੀਆਂ ਦੁਕਾਨਾਂ ਹਨ | ਧੜੱਲੇ ਨਾਲ ਵਿਕੀ ਨਕਲੀ ਮਠਿਆਈ ਬਾਰੇ ਪ੍ਰਸ਼ਾਸਨ ਦੀ ਇਸ ਵਾਰ ਧਾਰੀ ਚੱੁਪ ਚਰਚਾ ਦਾ ਵਿਸ਼ਾ ਹੈ |