ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਰਾਮਪੁਰਾ ਸਾਈਡ ਵੱਲ ਨਾਮਾਲੂਮ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੋਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਚਮਨਦੀਪ ਸਿੰਘ ਵਾਸੀ ਬਾਜੀਗਰ ਬਸਤੀ ਤਪਾ, ਰਾਮਪੁਰਾ ਵਿਖੇ ਇੱਕ ਟਰੱਕ 'ਤੇ ਡਰਾਇਵਰ ਲੱਗਾ ਹੋਇਆ ਸੀ ਅਤੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੀ ਸਾਈਡ ਉਪਰ ਜਾ ਰਿਹਾ ਸੀ | ਜਦ ਉਹ ਜੇਠੂਕੇ ਨਜਦੀਕ ਪੁੱਜਾ ਤਾਂ ਪਿੱਛੋਂ ਆ ਰਹੇ ਵਾਹਨ ਨੇ ਫੇਟ ਮਾਰ ਕੇ ਮੋਟਰਸਾਇਕਲ ਸਣੇ ਚਾਲਕ ਨੂੰ ਸੜਕ 'ਤੇ ਸੁੱਟ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੋਤ ਹੋ ਗਈ | ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰਿਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਜਾਂਚ ਅਧਿਕਾਰੀ ਹਰਪ੍ਰੀਤ ਕੌਰ ਸਬ-ਇੰਸਪੈਕਟਰ ਦੀ ਅਗਵਾਈ ਵਿਚ ਪੁੱਜੀ ਪੁਲਿਸ ਪਾਰਟੀ ਨੇ ਲਾਸ਼ ਨੂੰ ਅਪਣੇ ਕਬਜੇ ਵਿਚ ਲੈ ਕੇ ਮੋਰਚਰੀ ਰੂਮ ਰਾਮਪੁਰਾ ਫੂਲ ਵਿਖੇ ਰਖਵਾ ਦਿੱਤੀ | ਇਸ ਮੌਕੇ ਹਾਜਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸਾਗ੍ਰਸਤ ਨਾਮਾਲੂਮ ਵਾਹਨ ਦਾ ਪਤਾ ਲਾ ਕੇ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਸ ਗਰੀਬ ਪਰਿਵਾਰ ਦੇ ਘਰ ਕਮਾਈ ਦਾ ਕੋਈ ਵੀ ਸਾਧਨ ਨਹੀਂ ਰਿਹਾ | ਇਸ ਹਾਦਸੇ 'ਚ ਮੋਟਰਸਾਇਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ |