ਤਪਾ ਮੰਡੀ, 31 ਅਕਤੂਬਰ (ਵਿਜੇ ਸ਼ਰਮਾ)-ਨੌਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਆਸਾਮ ਤੋਂ ਆਰੰਭ ਹੋਇਆ ਅਲੌਕਿਕ ਨਗਰ ਕੀਰਤਨ ਦਾ ਪਿੰਡ ਢਿੱਲਵਾਂ ਦੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਵਿਖੇ ਪਹੁੰਚਣ 'ਤੇ ਗੁਰੂ ਘਰ ਦੇ ਪ੍ਰਬੰਧਕਾਂ, ਪੰਚਾਇਤਾਂ ਵਲੋਂ ਨਿੱਘਾ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ | ਸੰਗਤਾਂ ਨੇ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਤੇ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕੀਤੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ, ਸੰਤ ਬਲਵੀਰ ਸਿੰਘ ਘੁੰਨਸ, ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਰਸੀਵਰ ਕੁਲਦੀਪ ਸਿੰਘ ਖਾਲਸਾ, ਸਰਪੰਚ ਕੁਲਵਿੰਦਰ ਸਿੰਘ ਕਿੰਦੀ ਵਲੋਂ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਨੂੰ ਸਿਰੋਪਾਉ ਦੇ ਕੇ ਸਤਿਕਾਰ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕਰ ਕੇ ਆਸ਼ੀਰਵਾਦ ਲਿਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਵਿਲੱਖਣ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ ਕਿਉਂਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਧਰਮ ਲਈ ਨਹੀਂ ਬਲਕਿ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ | ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਰਸੀਵਰ ਕੁਲਦੀਪ ਸਿੰਘ ਖਾਲਸਾ ਵਲੋਂ ਸੰਗਤਾਂ ਲਈ ਚਾਹ ਪਕੌੜਿਆਂ ਦਾ ਅਤੁੱਟ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਹਲਕਾ ਮਹਿਲ ਕਲਾਂ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਸੀਨੀਅਰ ਆਗੂ ਰਾਜਵਿੰਦਰ ਸਿੰਘ ਸ਼ੀਤਲ, ਸਰਪੰਚ ਬਿੰਦਰ ਸਿੰਘ, ਕਸ਼ਮੀਰ ਸਿੰਘ ਢਾਡੀ ਜਥਾ, ਗੁਰਜੀਤ ਸਿੰਘ ਸ਼ੇਰਗਿੱਲ, ਥਾਣਾ ਇੰਚਾਰਜ ਸ਼ਰੀਫ਼ ਖ਼ਾਨ, ਜੈਲਦਾਰ ਬੀਰਇੰਦਰ ਸਿੰਘ, ਬਲਦੀਪ ਸਿੰਘ, ਇਕਬਾਲ ਸਿੰਘ, ਸਤਵਿੰਦਰ ਸਿੰਘ ਸੋਨਾ, ਰਣਦੀਪ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |