ਮਹਿਲ ਕਲਾਂ, 1 ਨਵੰਬਰ (ਅਵਤਾਰ ਸਿੰਘ ਅਣਖੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਸਮੇਤ ਜ਼ਿਲ੍ਹਾ ਬਰਨਾਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਸ਼ਨੀਵਾਰ ਦੀ ਛੁੱਟੀ ਵਾਲੇ ਦਿਨ ਵੀ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲੱਗਣ ਦੇਣ ਸਬੰਧੀ ਕਮਾਨ ਸੰਭਾਲ ਰੱਖੀ | ਜ਼ਿਲ੍ਹੇ ਦੇ ਪਿੰਡਾਂ ਵਿਚ ਪਰਾਲੀ ਪ੍ਰਬੰਧਨ ਮੁਹਿੰਮ ਵਿਆਪਕ ਪੱਧਰ 'ਤੇ ਜਾਰੀ ਹੈ | ਇਸ ਮੁਹਿੰਮ ਤਹਿਤ ਜਿੱਥੇ ਡਿਪਟੀ ਕਮਿਸ਼ਨਰ ਵਲੋਂ ਖ਼ੁਦ ਰੋਜ਼ਾਨਾ ਪੱਧਰ 'ਤੇ ਪਿੰਡ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਮੁਹਿੰਮ 'ਚ ਤਾਇਨਾਤ ਅਧਿਕਾਰੀਆਂ ਵਲੋਂ ਪਿੰਡਾਂ ਦੇ ਦੌਰੇ ਕਰ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਠੀਕਰੀਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ | ਜਿੱਥੇ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਉਨ੍ਹਾਂ ਕੰਬਾਈਨ 'ਤੇ ਸੁਪਰ ਐਸ.ਐਮ.ਐਸ. ਨਾਲ ਵਾਢੀ ਕਰ ਕੇ ਸੁਪਰਸੀਡਰ ਨਾਲ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ | ਉਨ੍ਹਾਂ ਕਿਹਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦਿਆਂ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ ਜਿਸ ਵਿਚ ਕਿਸਾਨ ਵੀਰ ਆਪਣਾ ਬਹੁਮੁੱਲਾ ਯੋਗਦਾਨ ਪਾਉਣ | ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨਾਂ ਵਿਚ ਵੀ ਅਧਿਕਾਰੀਆਂ ਵਲੋਂ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਦੱਸਿਆ ਕਿ ਉੱਦਮੀ ਕਿਸਾਨਾਂ ਨੂੰ ਖੇਤੀ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਵੱਧ ਤੋਂ ਵੱਧ ਰਕਬੇ 'ਤੇ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ | ਇਸੇ ਤਰ੍ਹਾਂ ਉਪ ਮੰਡਲ ਮੈਜਿਸਟ੍ਰੇਟ ਮੈਡਮ ਸੋਨਮ ਵਲੋਂ ਠੀਕਰੀਵਾਲਾ, ਰਾਏਸਰ ਪੰਜਾਬ, ਰਾਏਸਰ ਪਟਿਆਲਾ, ਚੰਨਣਵਾਲ, ਛੀਨੀਵਾਲ ਕਲਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਤੇ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ | ਇਸੇ ਤਰ੍ਹਾਂ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਸ੍ਰੀ ਸ਼ਿਵਾਂਸ਼ ਰਾਠੀ ਵਲੋਂ ਖ਼ਿਆਲੀ ਪਿੰਡ ਵਿਚ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ | ਨਾਲ ਹੀ ਵੱਖ-ਵੱਖ ਪਿੰਡਾਂ ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕਿਸਾਨ ਵੀਰਾਂ ਨੂੰ ਦੱਸਿਆ ਜਾ ਰਿਹਾ ਹੈ ਹੈ ਪਰਾਲੀ ਨੂੰ ਅੱਗ ਲਗਾਉਣਾ ਕਾਨੂੰਨੀ ਅਪਰਾਧ ਹੈ | ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਬਜਾਏ, ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵਰਤੋਂ ਜਿਵੇਂ ਕਿ ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ ਜਾਂ ਹੈਪੀ ਸੀਡਰ ਦੀ ਵਰਤੋਂ ਕਰ ਕੇ ਪਰਾਲੀ ਨੂੰ ਜ਼ਮੀਨ ਵਿਚ ਹੀ ਮਿਲਾਉਣ | ਇਸ ਤੋਂ ਇਲਾਵਾ ਪਰਾਲੀ ਨੂੰ ਬੇਲਰ ਮਸ਼ੀਨਾਂ ਰਾਹੀਂ ਗੱਠਾਂ ਬਣਾ ਕੇ ਪਾਵਰ ਪਲਾਂਟਾਂ ਜਾਂ ਉਦਯੋਗਾਂ ਨੂੰ ਵੀ ਵੇਚਿਆ ਜਾ ਸਕਦਾ ਹੈ |