08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੁਲਦੀਪ ਸਿੰਘ ਝੱਜ ਨੇ ਜਿੱਤਿਆ ਕਾਂਸੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 03-06-2025

ਤਾਇਵਾਨ ਦੇ ਸ਼ਹਿਰ ਤਪਈ ਵਿਖੇ 17 ਮਈ ਤੋਂ 30 ਮਈ ਤੱਕ ਹੋਈਆਂ ਵਿਸ਼ਵ ਮਾਸਟਰਜ਼ ਖੇਡਾਂ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮੀ ਪਿੰਡ ਗੁਲਪੁਰ ਦੇ ਜੰਮਪਲ ਭਾਰਤੀ ਹਵਾਈ ਸੈਨਾ 'ਚੋਂ ਸੇਵਾਮੁਕਤ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ 10 ਕਿਲੋਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼, ਪੰਜਾਬ ਤੇ ਆਪਣੇ ਜ਼ਿਲ੍ਹੇ ਦਾ ਨਾਂਅ ਉੱਚਾ ਕੀਤਾ ਹੈ। ਅੱਜ ਵਤਨ ਪਰਤੇ ਸ. ਕੁਲਦੀਪ ਸਿੰਘ ਝੱਜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ 30 ਸਾਲ ਉਮਰ ਤੋਂ ਉੱਪਰ ਵੱਖ-ਵੱਖ ਵਰਗਾਂ ਦੇ ਹਜ਼ਾਰਾਂ ਪੁਰਸ਼ ਤੇ ਔਰਤ ਖਿਡਾਰੀਆਂ ਨੇ ਭਾਗ ਲਿਆ। ਇਹ ਪਹਿਲਾ ਮੌਕਾ ਸੀ ਕਿ ਇਕ ਏਸ਼ਿਆਈ ਦੇਸ਼ ਨੂੰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ। ਸ. ਝੱਜ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ ਵਿਚ ਭਾਰਤੀ ਖਿਡਾਰੀਆਂ ਦੀ ਸ਼ਮੂਲੀਅਤ ਬਹੁਤ ਘੱਟ ਸੀ। ਇਹ ਸ਼ਾਇਦ ਜਾਣਕਾਰੀ ਦੀ ਘਾਟ ਕਾਰਨ ਸੀ। ਕੁਲਦੀਪ ਸਿੰਘ ਝੱਜ ਨੇ ਦੱਸਿਆ ਕਿ ਮੈਨੂੰ ਵੀ ਕਿਸੇ ਦੋਸਤ ਤੋਂ ਹੀ ਇਸ ਬਾਰੇ ਜਾਣਕਾਰੀ ਪ੍ਰਾਪਤ ਹੋਈ।
ਮੈਂ ਨਿੱਜੀ ਪੱਧਰ 'ਤੇ ਯਤਨ ਕਰਕੇ ਅਥਲੈਟਿਕਸ ਦੀਆਂ ਮੱਧ-ਦੂਰੀ ਵਾਲੀਆਂ 800 ਮੀਟਰ ਤੇ 1500 ਮੀਟਰ ਦੌੜਾਂ ਵਿਚ ਅਤੇ 10 ਕਿਲੋਮੀਟਰ ਰੋਡ ਰੇਸ ਲਈ ਰਜਿਸਟ੍ਰੇਸ਼ਨ ਕਰਵਾਈ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਮੇਰਾ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਸ਼ਮੂਲੀਅਤ ਬਾਰੇ ਰਿਕਾਰਡ ਮੰਗਿਆ ਗਿਆ। ਮੈਂ 2018 ਅਤੇ 2024 ਵਿਚ ਗੋਲਡ ਕੋਸਟ ਆਸਟ੍ਰੇਲੀਆ ਵਿਖੇ ਹੋਈਆਂ 'ਪੈਨ ਪੈਸੇਫਿਕ ਮਾਸਟਰ ਗੇਮਜ਼' ਵਿਚ ਭਾਗ ਲੈਣ ਦੇ ਅੰਕੜੇ ਪੇਸ਼ ਕੀਤੇ। ਇਸ ਨਾਲ ਮੇਰੀ ਰਜਿਸਟ੍ਰੇਸ਼ਨ ਹੋ ਗਈ। ਮੈਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਮਿਲ ਗਿਆ। ਮੈਨੂੰ ਤਪਈ ਦਾ ਵੀਜ਼ਾ ਮਿਲਣ 'ਚ ਵੀ ਕੋਈ ਅੜਚਣ ਨਾ ਆਈ। ਮੈਂ ਅਕਸਰ ਲੰਬੀ ਦੌੜ ਦਾ ਅਭਿਆਸ ਕਰਦਾ ਹੀ ਰਹਿੰਦਾ ਹਾਂ। ਇਸ ਲਈ ਹੁਣ ਮੈਂ ਮੱਧ ਦੂਰੀ ਦੀਆਂ ਦੌੜਾਂ ਲਈ ਧਿਆਨ ਕੇਂਦ੍ਰਿਤ ਕਰਕੇ ਅਭਿਆਸ ਕਰਨ ਲੱਗਿਆ। ਤਿਆਰੀ ਪੂਰੀ ਹੋਣ ਤੋਂ ਬਾਅਦ ਮੈਂ 18 ਮਈ ਨੂੰ ਤਪਈ ਪਹੁੰਚ ਗਿਆ। ਪਹਿਲਾ ਮੁਕਾਬਲਾ 1500 ਮੀਟਰ ਦਾ 21 ਮਈ ਨੂੰ ਹੋਇਆ, ਜਿਸ ਵਿਚ ਮੈਂ ਚੌਥੇ ਸਥਾਨ 'ਤੇ ਰਿਹਾ। ਮੇਰੇ ਅੱਗੇ ਦੋ ਆਸਟ੍ਰੇਲੀਅਨ ਤੇ ਇਕ ਰੂਸੀ ਦੌੜਾਕ ਸੀ। ਅਗਲੇ ਹੀ ਦਿਨ 22 ਮਈ ਨੂੰ 800 ਮੀਟਰ ਦਾ ਮੁਕਾਬਲਾ ਸੀ, ਜਿਸ 'ਚ ਮੈਂ ਪੂਰੇ ਤਾਨ ਨਾਲ ਦੌੜਿਆ ਤੇ ਕਾਂਸੀ ਦਾ ਤਗਮਾ ਜਿੱਤਣ ਵਿਚ ਸਫ਼ਲ ਰਿਹਾ। ਅਖੀਰਲਾ ਮੁਕਾਬਲਾ 10 ਕਿਲੋਮੀਟਰ ਰੋਡ ਰੇਸ ਦਾ 25 ਮਈ ਨੂੰ ਹੋਇਆ, ਜਿਸ 'ਚ ਸਾਰੇ ਵਰਗਾਂ ਦੇ 1545 ਖਿਡਾਰੀਆਂ ਨੇ ਹਿੱਸਾ ਲਿਆ। ਇਨਾਂ 'ਚੋਂ ਮੈਂ ਆਪਣੇ ਵਰਗ ਵਿਚ ਫਿਰ ਤੀਸਰਾ ਰੈਂਕ ਪ੍ਰਾਪਤ ਕਰਕੇ (59.49 ਟਾਈਮ ਨਾਲ) ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸਾਰੇ ਉਮਰ ਵਰਗਾਂ 'ਚੋਂ ਮੇਰਾ 615/1545 ਸਥਾਨ ਰਿਹਾ। ਜਿਹੜੀ ਮੇਰੇ ਵਰਗ (75+) ਵਾਸਤੇ ਇਹ ਕਾਫ਼ੀ ਵਧੀਆ ਸਮਾਂ ਹੈ।

-ਉਪ ਦਫ਼ਤਰ, ਨਵਾਂਸ਼ਹਿਰ।
ਮੋਬਾਈਲ : 98149-22559

Ad Position 22
No active advertisement
ਪਿਛਲੀ ਖ਼ਬਰ ਸ਼ੁਭਮਨ ਗਿੱਲ ਦੇ ਨਾਲ ਸ਼ੁਰੂ ਹੋਵੇਗਾ ਨਵਾਂ ਭਾਰਤੀ ਟੈਸਟ ਯੁੱਗ ਅਗਲੀ ਖ਼ਬਰ ਥਾਈਲੈਂਡ ਓਪਨ 2025-ਮੁੱਕੇਬਾਜ਼ੀ 'ਚ ਦੀਪਕ ਅਤੇ ਨਮਨ ਤੰਵਰ ਨੇ ਜਿੱਤਿਆ ਸੋਨ ਤਗਮਾ
Ad Position 24