08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ੁਭਮਨ ਗਿੱਲ ਦੇ ਨਾਲ ਸ਼ੁਰੂ ਹੋਵੇਗਾ ਨਵਾਂ ਭਾਰਤੀ ਟੈਸਟ ਯੁੱਗ

Ad Position 21
No active advertisement
ਅਜੀਤ ਡੈਸਕ 03-06-2025

ਰੋਹਿਤ ਸ਼ਰਮਾ ਦੀ ਗ਼ੈਰ-ਹਾਜ਼ਰੀ ਵਿਚ ਜਸਪ੍ਰੀਤ ਬੁਮਰਾਹ ਨੇ ਕਪਤਾਨ ਵਜੋਂ ਟੀਮ ਦੀ ਚੰਗੀ ਅਗਵਾਈ ਕੀਤੀ ਅਤੇ ਪਰਥ ਵਿਚ ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਟੈਸਟ ਮੈਚ ਦੀ ਜਿੱਤ ਵੀ ਦਿਵਾਈ। ਬੁਮਰਾਹ ਵੀ ਨਿਯਮਤ ਕਪਤਾਨ ਬਣਨ ਲਈ ਉਤਸੁਕ ਸੀ ਪਰ ਉਸ ਦੀਆਂ ਲਗਾਤਾਰ ਸੱਟਾਂ ਉਸ ਦੇ ਵਿਰੁੱਧ ਗਈਆਂ, ਖ਼ਾਸ ਕਰਕੇ ਇਸ ਲਈ ਕਿ ਚੋਣਕਾਰਾਂ ਨੂੰ ਲੱਗਿਆ ਕਿ ਬੁਮਰਾਹ ਦਾ ਸਰੀਰ ਉਸ ਨੂੰ ਲੜੀ ਦੇ ਸਾਰੇ ਪੰਜ ਟੈਸਟਾਂ ਵਿਚ ਖੇਡਣ 'ਚ ਅੜਿੱਕਾ ਪਾਵੇਗਾ। ਇਸ ਲਈ ਸ਼ੁਭਮਨ ਗਿੱਲ ਨੂੰ ਅਧਿਕਾਰਤ ਤੌਰ 'ਤੇ ਨਵਾਂ ਟੈਸਟ ਕਪਤਾਨ ਐਲਾਨਿਆ ਗਿਆ ਅਤੇ ਉਸ ਦਾ ਬੇਮਿਸਾਲ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਹੋਵੇਗਾ। ਭਾਰਤ 20 ਜੂਨ 2025 ਤੋਂ ਲੀਡਜ਼ ਵਿਚ ਇੰਗਲੈਂਡ ਵਿਰੁੱਧ ਆਪਣੀ ਪੰਜ ਟੈਸਟ ਮੈਚਾਂ ਦੀ ਲੜੀ ਸ਼ੁਰੂ ਕਰੇਗਾ। ਇਹ ਦੌਰਾ ਇਸ ਨੌਜਵਾਨ ਲੀਡਰਸ਼ਿਪ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਉਮਰ ਦੇ ਮਾਮਲੇ ਵਿਚ ਗਿੱਲ ਭਾਰਤ ਦੇ ਪੰਜਵਾਂ ਸਭ ਤੋਂ ਨੌਜਵਾਨ ਕਪਤਾਨ ਹੈ, ਮਨਸੂਰ ਅਲੀ ਖ਼ਾਨ ਪਟੌਦੀ (21), ਸਚਿਨ ਤੇਂਦੁਲਕਰ (23), ਕਪਿਲ ਦੇਵ (24) ਅਤੇ ਰਵੀ ਸ਼ਾਸਤਰੀ (25) ਤੋਂ ਬਾਅਦ ਗਿੱਲ 25 ਸਾਲ ਦਾ ਹੈ। ਬਿਸ਼ਨ ਸਿੰਘ ਬੇਦੀ ਤੋਂ ਬਾਅਦ ਗਿੱਲ ਪੰਜਾਬ ਦੇ ਦੂਜੇ ਕ੍ਰਿਕਟਰ ਹਨ, ਜਿਨ੍ਹਾਂ ਨੂੰ ਭਾਰਤ ਦੀ ਸੀਨੀਅਰ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਗਿੱਲ ਕੋਲ ਕਪਤਾਨੀ ਦਾ ਬਹੁਤਾ ਤਜਰਬਾ ਨਹੀਂ ਹੈ। ਉਸ ਨੇ ਜੁਲਾਈ 2024 ਵਿਚ ਜ਼ਿੰਬਾਬਵੇ ਵਿਰੁੱਧ 5 ਟੀ-20 ਮੈਚਾਂ ਦੀ ਕਪਤਾਨੀ ਕੀਤੀ ਸੀ, ਜਿਸ ਲੜੀ ਵਿਚ ਭਾਰਤ ਨੇ 4-1 ਨਾਲ ਜਿੱਤ ਪ੍ਰਾਪਤ ਕੀਤੀ। ਉਸ ਨੇ ਪੰਜ ਪਹਿਲੇ ਦਰਜੇ ਦੇ ਮੈਚਾਂ ਦੀ ਵੀ ਕਪਤਾਨੀ ਕੀਤੀ ਹੈ, ਜਿਸ ਵਿਚ 1 ਜਿੱਤ, 2 ਡਰਾਅ ਅਤੇ 2 ਹਾਰਾਂ ਹੋਈਆਂ। ਗਿੱਲ ਨੇ ਦਲੀਪ ਟਰਾਫ਼ੀ ਦੇ ਤਿੰਨ ਮੈਚਾਂ ਦੀ ਅਗਵਾਈ ਕੀਤੀ, 2 ਡਰਾਅ (2019-20) ਅਤੇ 1 ਹਾਰ (2024-25)। ਉਸ ਨੇ 2019 ਵਿਚ ਦੱਖਣੀ ਅਫਰੀਕਾ-ਏ ਟੀਮ ਖ਼ਿਲਾਫ਼ ਭਾਰਤ-ਏ ਟੀਮ ਦੀ ਅਗਵਾਈ ਕੀਤੀ ਅਤੇ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਰਣਜੀ ਟਰਾਫ਼ੀ (2025) ਵਿਚ ਕਰਨਾਟਕ ਵਿਰੁੱਧ ਪੰਜਾਬ ਦੀ ਅਗਵਾਈ ਕਰਦੇ ਹੋਏ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗਿੱਲ ਨੇ ਆਈ.ਪੀ.ਐੱਲ. ਵਿਚ 25 ਮੈਚਾਂ 'ਚ ਗੁਜਰਾਤ ਟਾਈਟਨਸ ਦੀ ਅਗਵਾਈ ਕੀਤੀ ਹੈ, ਜਿਸ ਵਿਚ 14 ਜਿੱਤਾਂ ਅਤੇ 11 ਹਾਰਾਂ ਹਨ, ਯਾਨੀ ਜਿੱਤ 56 ਫ਼ੀਸਦੀ ਰਹੀ ਹੈ।
ਲਗਭਗ 15 ਮਹੀਨੇ ਪਹਿਲਾਂ ਤੱਕ ਗਿੱਲ ਦਾ ਟੈਸਟ ਵਿਚ ਸਥਾਨ ਪੱਕਾ ਨਹੀਂ ਹੋਇਆ ਸੀ, ਉਸ ਨੂੰ ਕਪਤਾਨੀ ਦਾ ਬਹੁਤਾ ਤਜਰਬਾ ਨਹੀਂ ਸੀ ਅਤੇ ਹੁਣ ਵੀ 32 ਟੈਸਟਾਂ ਵਿਚ ਉਸ ਦਾ ਔਸਤ ਸਿਰਫ਼ 35.05 ਹੈ। ਇਸ 'ਤੇ ਉਸ ਨੂੰ ਘੱਟ ਉਮਰ ਵਿਚ ਨਵੇਂ ਟੈਸਟ ਚੈਂਪੀਅਨਸ਼ਿਪ ਵਿਚ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਭਾਰਤੀਆਂ ਨੂੰ ਉਸ ਤੋਂ ਉਮੀਦ ਹੈ ਕਿ ਪਹਿਲੀਆਂ ਦੋ ਟੈਸਟ ਚੈਂਪੀਅਨਸ਼ਿਪਜ਼ ਵਿਚ ਜੋ ਕਾਰਨਾਮਾ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਹੀਂ ਕਰ ਸਕੇ, ਫਾਈਨਲ ਵਿਚ ਪਹੁੰਚਣ ਤੋਂ ਬਾਅਦ ਸ਼ਾਇਦ ਗਿੱਲ ਕਰ ਦਿਖਾਉਣ, ਮਤਲਬ ਚੈਂਪੀਅਨਸ਼ਿਪ ਟਰਾਫ਼ੀ ਜਿੱਤ ਲੈਣ। ਭਾਰਤ ਤੀਜੇ ਚੱਕਰ ਦੇ ਫਾਈਨਲ ਵਿਚ ਪਹੁੰਚਣ ਤੋਂ ਵਾਂਝਾ ਰਹਿ ਗਿਆ, ਜਿਸ ਦਾ ਫਾਈਨਲ ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ ਵਿਚਕਾਰ ਹੋਵੇਗਾ। ਭਾਰਤ ਦਾ ਚੌਥਾ ਚੱਕਰ ਇੰਗਲੈਂਡ ਦੌਰੇ ਨਾਲ ਸ਼ੁਰੂ ਹੋ ਰਿਹਾ ਹੈ। ਇਕ ਟੈਸਟ ਚੈਂਪੀਅਨਸ਼ਿਪ ਚੱਕਰ 2 ਸਾਲ ਤੱਕ ਚਲਦਾ ਹੈ। ਇਸ ਪਿਛੋਕੜ ਵਿਚ ਇਹ ਸਵਾਲ ਢੁਕਵਾਂ ਹੈ ਕਿ ਕੀ ਗਿੱਲ ਨੂੰ ਸਹੀ ਸਮੇਂ 'ਤੇ ਕਪਤਾਨ ਬਣਾਇਆ ਗਿਆ ਹੈ ਜਾਂ ਉਸ ਨੂੰ ਬਹੁਤ ਜਲਦੀ ਕਪਤਾਨ ਬਣਾਇਆ ਗਿਆ ਹੈ? ਉਮਰ ਅਤੇ ਤਜਰਬੇ ਦੇ ਲਿਹਾਜ਼ ਨਾਲ ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਿਲ ਹੈ। ਪਟੌਦੀ ਸਿਰਫ਼ 21 ਸਾਲ ਦੀ ਉਮਰ ਵਿਚ ਭਾਰਤ ਦੇ ਕਪਤਾਨ ਬਣੇ ਸਨ ਅਤੇ ਲੀਡਰਸ਼ਿਪ ਦੇ ਲਿਹਾਜ਼ ਨਾਲ ਦੇਸ਼ ਦੇ ਸਭ ਤੋਂ ਵਧੀਆ ਕਪਤਾਨ ਮੰਨੇ ਜਾਂਦੇ ਹਨ। ਇਸ ਦੇ ਉਲਟ ਸਚਿਨ ਤੇਂਦੁਲਕਰ ਵੀ ਸਿਰਫ਼ 23 ਸਾਲ ਦੀ ਉਮਰ ਵਿਚ ਕਪਤਾਨ ਬਣੇ ਤੇ ਬੱਲੇਬਾਜ਼ੀ ਵਿਚ ਡਾਨ ਬ੍ਰੈਡਮੈਨ ਦੇ ਬਰਾਬਰ ਸਾਬਤ ਹੋਏ ਪਰ ਕਪਤਾਨ ਵਜੋਂ ਕੁਝ ਖ਼ਾਸ ਨਹੀਂ ਕਰ ਸਕੇ। ਹਾਲਾਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਗਿੱਲ 'ਤੇ ਨਾ ਸਿਰਫ਼ ਕਪਤਾਨ ਵਜੋਂ, ਸਗੋਂ ਇਕ ਬੱਲੇਬਾਜ਼ ਵਜੋਂ ਵੀ ਬਹੁਤ ਦਬਾਅ ਹੋਵੇਗਾ ਅਤੇ ਉਸ ਤੋਂ ਵਿਰਾਟ ਕੋਹਲੀ ਵਾਂਗ ਪ੍ਰਦਰਸ਼ਨ ਕਰਨ ਦੀ ਉਮੀਦ ਕੀਤੀ ਜਾਵੇਗੀ, ਜੋ ਟੈਸਟ ਜਿੱਤਾਂ ਦੇ ਮਾਮਲੇ ਵਿਚ ਹੁਣ ਤੱਕ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਹੈ ਅਤੇ ਉਸ ਨੇ ਕਪਤਾਨ ਹੁੰਦੇ ਹੋਏ ਪ੍ਰਭਾਵਸ਼ਾਲੀ ਬੱਲੇਬਾਜ਼ੀ ਵੀ ਕੀਤੀ।
ਦਰਅਸਲ ਗਿੱਲ ਨੂੰ ਕਪਤਾਨ ਬਣਾਏ ਜਾਣ 'ਤੇ ਕਿਸੇ ਨੂੰ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ। ਪਿਛਲੇ ਸਾਲ ਜੂਨ ਵਿਚ ਹੋਏ ਟੀ-20 ਵਿਸ਼ਵ ਕੱਪ ਦੌਰਾਨ ਗਿੱਲ ਟੀਮ ਵਿਚ ਵੀ ਨਹੀਂ ਸੀ ਪਰ ਫਿਰ ਬੀ.ਸੀ.ਸੀ.ਆਈ. ਸੂਤਰਾਂ ਨੇ ਕਿਹਾ ਕਿ ਗਿੱਲ ਨੂੰ ਭਵਿੱਖ ਵਿਚ ਭਾਰਤ ਦੇ ਕਪਤਾਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦਾ ਪਹਿਲਾ ਸੰਕੇਤ ਵਿਸ਼ਵ ਕੱਪ ਤੋਂ ਤੁਰੰਤ ਬਾਅਦ ਆਇਆ, ਜਦੋਂ ਗਿੱਲ ਨੂੰ ਜ਼ਿੰਬਾਬਵੇ ਦੇ ਟੀ-20 ਦੌਰੇ ਦਾ ਕਪਤਾਨ ਬਣਾਇਆ ਗਿਆ। ਸਾਬਕਾ ਰਾਸ਼ਟਰੀ ਚੋਣਕਾਰ ਸਲਿਲ ਅੰਕੋਲਾ ਕਹਿੰਦੇ ਹਨ ਕਿ ਗਿੱਲ ਭਾਰਤ ਦੀ ਟੈਸਟ ਕਪਤਾਨੀ ਲਈ ਸਭ ਤੋਂ ਵਧੀਆ ਵਿਕਲਪ ਹੈ। ਪਰ ਮੈਨੂੰ ਲਗਦਾ ਹੈ ਕਿ ਉਸ ਨੂੰ ਉਸ ਸਮੇਂ 'ਚ ਕਪਤਾਨੀ ਮਿਲਣੀ ਚਾਹੀਦੀ ਸੀ, ਜਦੋਂ ਰੋਹਿਤ ਅਤੇ ਕੋਹਲੀ ਟੀਮ ਦਾ ਹਿੱਸਾ ਸਨ ਤਾਂ ਜੋ ਉਸ ਨੂੰ ਸਹੀ ਢੰਗ ਨਾਲ ਮਾਰਗਦਰਸ਼ਨ ਕੀਤਾ ਜਾ ਸਕੇ। ਸਾਬਕਾ ਭਾਰਤੀ ਕਪਤਾਨ ਦਿਲੀਪ ਵੈਂਗਸਰਕਰ ਨੂੰ ਲਗਦਾ ਹੈ ਕਿ ਇੰਗਲੈਂਡ ਦਾ ਔਖਾ ਦੌਰਾ ਗਿੱਲ ਦੀ ਲੀਡਰਸ਼ਿਪ ਸਮਰੱਥਾ ਨੂੰ ਸਾਬਤ ਕਰੇਗਾ। ਕਰਸਨ ਘਾਵਰੀ ਜਿਸ ਨੇ ਗਿੱਲ ਨੂੰ 12 ਸਾਲ ਦੀ ਉਮਰ ਤੋਂ ਦੇਖਿਆ ਹੈ, ਕਹਿੰਦਾ ਹੈ ਕਿ ਜੀ.ਟੀ. ਦੀ ਅਗਵਾਈ ਕਰਨਾ ਅਤੇ ਟੈਸਟਾਂ ਵਿਚ ਅਗਵਾਈ ਕਰਨਾ ਦੋ ਵੱਖ-ਵੱਖ ਗੱਲਾਂ ਹਨ। ਗਿੱਲ 'ਤੇ ਬਤੌਰ ਬੱਲੇਬਾਜ਼ ਅਤੇ ਕਪਤਾਨੀ ਦੀ ਵਾਧੂ ਜ਼ਿੰਮੇਵਾਰੀ ਕਾਰਨ ਜ਼ਬਰਦਸਤ ਦਬਾਅ ਰਹੇਗਾ। ਗਿੱਲ ਇਸ ਦਾ ਕਿਵੇਂ ਸਾਹਮਣਾ ਕਰਦਾ ਹੈ, ਇਹ ਦੇਖਣਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੇ ਖੇਡਾਂ ਵੱਲ ਵਧਦੇ ਕਦਮ ਅਗਲੀ ਖ਼ਬਰ ਕੁਲਦੀਪ ਸਿੰਘ ਝੱਜ ਨੇ ਜਿੱਤਿਆ ਕਾਂਸੀ ਦਾ ਤਗਮਾ
Ad Position 24