ਪੰਜਾਬ ਸਕੂਲ ਸਿੱਖਆ ਵਿਭਾਗ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਵਿੱਦਿਆ ਗ੍ਰਹਿਣ ਕਰਨ ਦੇ ਨਾਲ-ਨਾਲ ਖੇਡਾਂ ਨੂੰ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ। ਇਹ ਖੇਡਾਂ ਸਕੂਲ ਗੇਮ ਫੈੱਡਰੇਸ਼ਨ ਆਫ਼ ਇੰਡੀਆ ਵਲੋਂ ਪੂਰੇ ਭਾਰਤ ਵਿਚ ਬੱਚਿਆਂ ਦੀ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਰੱਖਦੇ ਹੋਏ ਪੂਰੇ ਜ਼ੋਰ-ਸ਼ੋਰ ਨਾਲ ਕਰਵਾਈਆਂ ਜਾਦੀਆਂ ਹਨ। ਇਸ ਵਾਰ ਪੰਜਾਬ ਨੇ 68ਵੀਆਂ ਰਾਸ਼ਟਰੀ ਸਕੂਲ ਖੇਡਾਂ ਵਿਚ ਚੰਗਾ ਮਾਰਕਾ ਮਾਰਿਆ ਹੈ ਤੇ ਪਿਛਾਂਹ ਵੱਲ ਜਾਂਦੇ ਕਦਮ ਨੂੰ ਅੱਗੇ ਵੱਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਨੇ ਇਸ ਸਾਲ 2024-25 ਦੀਆਂ ਖੇਡਾਂ ਵਿਚ ਕੌਮੀ ਖੇਡ ਕੈਲੰਡਰ ਅਨੁਸਾਰ ਸਾਰੀਆਂ ਖੇਡਾਂ ਵਿਚ ਹਿੱਸਾ ਲਿਆ ਹੈ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਮਹਾਰਾਸ਼ਟਰ ਨੇ 197 ਸੋਨ ਤਗਮੇ, 159 ਚਾਂਦੀ, 174 ਕਾਂਸੀ ਅਤੇ ਕੁੱਲ 530 ਤਗਮਿਆਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੇ 124 ਸੋਨ, 94 ਚਾਂਦੀ, 118 ਕਾਂਸੀ ਕੁੱਲ 336 ਤਗਮਿਆਂ ਨਾਲ ਦੂਜਾ ਸਥਾਨ ਪ੍ਰਾਪਤ ਕਰਕੇ ਰਾਜਧਾਨੀ ਹੋਣ ਦਾ ਮਾਣ ਜਿਤਾਇਆ ਹੈ। ਪੰਜਾਬ ਦਾ ਗੁਆਂਢੀ ਰਾਜ ਹਰਿਆਣਾ 114 ਸੋਨ, 80 ਚਾਂਦੀ, 103 ਕਾਂਸੀ ਤੇ ਕੁੱਲ 297 ਤਗਮਿਆਂ ਨਾਲ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ। ਕਦਮਾਂ ਦੀ ਰਫ਼ਤਾਰ ਨੂੰ ਤੇਜ਼ ਕਰਦਾ ਹੋਇਆ ਪੰਜਾਬ ਕਈ ਸਾਲਾਂ ਬਆਦ 75 ਸੋਨ ਤਗਮੇ, 66 ਚਾਂਦੀ, 119 ਕਾਂਸੀ ਅਤੇ ਕੁੱਲ 260 ਤਗਮਿਆਂ ਨਾਲ ਚੌਥੇ ਸਥਾਨ 'ਤੇ ਰਿਹਾ ਹੈ। ਪੰਜਾਬ ਖੇਡਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਧਿਆਨ ਦਿੰਦੇ ਹੋਏ ਦੇਸ਼ 'ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੇਪਰਾਂ ਵਿਚ ਵਿਸ਼ੇਸ਼ ਅੰਕ ਦੇ ਕੇ ਬਣਦੇ ਹੱਕ ਨਾਲ ਨਿਵਾਜਿਆ ਹੈ, ਜਿਸ ਦੀ ਬਦੌਲਤ ਬਹੁਤ ਸਾਰੇ ਖਿਡਾਰੀ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਾਉਣ ਵਿਚ ਕਾਮਯਾਬ ਰਹੇ ਹਨ। ਪੰਜਾਬ ਸਰਕਾਰ, ਸਿੱਖਿਆ ਵਿਭਾਗ, ਖੇਡ ਵਿਭਾਗ ਦੇ ਮੁਖੀ ਅਤੇ ਖੇਡ ਕਮੇਟੀ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਵਧਾਈ ਦੇ ਪਾਤਰ ਹਨ। ਜਿੱਥੇ ਪੰਜਾਬ ਅੱਜ ਸਕੂਲ ਖੇਡਾਂ ਵਿਚ ਚੌਥੇ ਸਥਾਨ 'ਤੇ ਆ ਗਿਆ, ਉੱਥੇ ਪਹਿਲੇ ਸਥਾਨਾਂ 'ਤੇ ਆਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਖੇਡ ਵਿਭਾਗ ਦੇ ਮੁਖੀ ਵਲੋਂ ਖੇਡ ਕਮੇਟੀ ਨਾਲ ਲਗਾਤਾਰ ਖੇਡ ਵਿੰਗਾਂ ਸੰਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਜੇਕਰ ਖੇਡ ਵਿੰਗਾਂ ਦਾ ਸਮੇਂ ਨਾਲ ਸ਼ੁਰੂ ਹੋਣਾ ਤੈਅ ਹੋ ਜਾਂਦਾ ਹੈ ਤਾਂ ਨਤੀਜੇ ਸਾਰਥਕ ਹੋ ਸਕਦੇ ਹਨ, ਕਿਉਂਕਿ ਜੇਕਰ ਖੇਡ ਵਿੰਗਾਂ ਦੀ ਪ੍ਰਕਿਰਿਆ ਪਹਿਲੇ ਦੋ ਮਹੀਨਿਆ ਵਿਚ ਪੂਰੀ ਨਹੀਂ ਹੁੰਦੀ ਤਾਂ ਟੀਮ ਦੇ ਖਿਡਾਰੀਆਂ ਅਤੇ ਕੋਚ ਦੇ ਆਪਸੀ ਤਾਲਮੇਲ ਵਿਚ ਕਮੀ ਰਹਿ ਜਾਂਦੀ ਹੈ। ਗਰਮੀ ਦੀਆਂ ਛੁੱਟੀਆਂ ਉਪਰੰਤ ਖੇਡ ਮੁਕਾਬਲਿਆਂ ਦਾ ਦੌਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਜਾਂਦਾ ਹੈ। ਭਾਵੇਂ ਖੇਡ ਵਿਭਾਗ ਮੁਖੀ ਤੇ ਖੇਡ ਕਮੇਟੀ ਇਸ ਕੰਮ ਨੂੰ ਸਮੇਂ ਨਾਲ ਨਿਪਰੇ ਚਾੜ੍ਹਨ ਲਈ ਬਾਜ਼ਿੱਦ ਹਨ, ਪਰ ਫ਼ਾਈਲ ਪ੍ਰਕਿਰਿਆ ਦੇ ਤਕਨੀਕੀ ਕਾਰਨਾਂ ਕਰਕੇ ਸਮਾਂ ਲੱਗਣਾ ਸੁਭਾਵਿਕ ਹੀ ਹੈ। ਇਸ ਪ੍ਰਕਿਰਿਆ ਨੂੰ ਸਮੇਂ ਨਾਲ ਨੇਪਰੇ ਚਾੜ੍ਹਨ ਲਈ ਦਾਇਰਾ ਛੋਟਾ ਕਰ ਦੇਣਾ ਚਾਹੀਦਾ ਹੈ, ਤਾਂ ਜੋ ਖੇਡ ਵਿਭਾਗ ਦਾ ਮੁਖੀ ਚੰਗੇ ਨਤੀਜਿਆਂ ਦੀ ਕਾਮਨਾ ਕਰਦਾ ਹੋਇਆ ਪੰਜਾਬ ਦਾ ਨਾਂਅ ਰੌਸ਼ਨ ਕਰ ਸਕੇ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਖੇਡ ਮੁਖੀ, ਖੇਡ ਕਮੇਟੀ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਸਪੋਰਟਸ ਕੋਆਡੀਨੇਟਰ ਦਾ ਇਨ੍ਹਾਂ ਖੇਡ ਪ੍ਰਬੰਧਾਂ ਵਿਚ ਕੀਤਾ ਗਿਆ ਕੰਮ ਸ਼ਲਾਘਾਯੋਗ ਰਿਹਾ ਹੈ, ਜਿਸ ਦੀ ਬਦੌਲਤ ਪੰਜਾਬ ਨੂੰ ਚੌਥੇ ਸਥਾਨ 'ਤੇ ਲਿਆਉਣ ਲਈ ਕਾਮਯਾਬ ਰਹੇ ਹਨ। ਉਮੀਦ ਕਰਦੇ ਹਾਂ ਕਿ ਪੰਜਾਬ ਤਕਨੀਕੀ ਰੁਕਾਵਟਾਂ ਨੂੰ ਦੂਰ ਕਰਦਾ ਹੋਇਆ ਆਉਣ ਵਾਲੇ ਸਮੇਂ ਵਿਚ ਪਹਿਲੇ ਸਥਾਨਾਂ 'ਚ ਨਜ਼ਰ ਆਵੇਗਾ।
-ਪਿੰਡ+ਡਾਕ-ਬੌਂਦਲੀ, ਤਹਿ-ਸਮਰਾਲਾ, (ਲੁਧਿਆਣਾ)।
ਮੋਬਾ: 9876153007