1970ਵਿਆਂ ਤੋਂ ਸ਼ੁਰੂ ਹੋਈ ਝੋਨੇ ਦੀ ਫ਼ਸਲ ਨੇ ਰਾਜ ਦੇ ਨਿਰੋਲ ਬੀਜੇ ਰਕਬੇ ਦਾ ਲਗਭਗ 77 ਫ਼ੀਸਦੀ ਹਿੱਸਾ ਘੇਰ ਲਿਆ ਹੈ। ਇਸ ਦੇ ਪ੍ਰਭਾਵ ਹੇਠ ਸੂਬੇ ਦੀ ਨਰਮਾ ਪੱਟੀ ਨੇ ਵੀ ਆਪਣੀ ਪਹਿਚਾਣ ਕਾਫ਼ੀ ਹੱਦ ਤੱਕ ਗੁਆ ਲਈ ਹੈ। ਨਰਮਾ ਪੱਟੀ ਦੇ ਕਿਸਾਨ ਵੀ ਧਰਤੀ ਹੇਠਲੇ ਬੇਹੱਦ ਮਾੜੇ ਪਾਣੀ ਨਾਲ ਵੀ ਝੋਨੇ ਦੀ ਕਾਸ਼ਤ ਕਰਨ ਲੱਗ ਪਏ ਹਨ, ਜੋ ਮਾਰੁੂ ਰੁਝਾਨ ਹੈ। ਧਰਤੀ ਹੇਠਲੇ ਮਾੜੇ ਪਾਣੀ ਦੀ ਜ਼ਿਆਦਾ ਵਰਤੋਂ ਨਾਲ ਜ਼ਮੀਨਾਂ 'ਚ ਕੱਲਰ ਦੀ ਸੰਭਾਵਨਾ ਵਧ ਜਾਂਦੀ ਹੈ। ਪੰਜਾਬ ਦੀ ਖੇਤੀ ਨੂੰ ਸਭ ਤੋਂ ਗੰਭੀਰ ਚੁਣੌਤੀ ਧਰਤੀ ਹੇਠਲੇ ਪਾਣੀ ਦਾ ਘਟਣਾ ਹੈ। ਬੇਸ਼ੱਕ ਪਿਛਲੇ ਕੁਝ ਕੁ ਸਾਲਾਂ ਤੋਂ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ 'ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਪਰ ਹਾਲੇ ਵੀ ਪ੍ਰਚੱਲਿਤ ਹਾਲਾਤ ਅਤੇ ਮੌਜੂਦਾ ਖੇਤੀ ਢਾਂਚੇ ਅਨੁਸਾਰ ਨਰਮੇ ਦੀ ਫ਼ਸਲ ਹੀ ਝੋਨੇ ਦਾ ਸਭ ਤੋਂ ਵਧੀਆ ਬਦਲ ਹੈ। ਇਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਡੀ ਵਿਚ ਬਹੁਤ ਮੰਗ ਹੈ ਕਿਉਂਕਿ ਗੁਣਵੱਤਾ ਪੱਖੋਂ ਪੰਜਾਬ ਵਿਚ ਪੈਦਾ ਹੋਈ ਰੂੰ ਉੱਚ ਦਰਜੇ ਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਰਾਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਨਰਮੇ/ਕਪਾਹ ਦੀ ਸਫ਼ਲ ਕਾਸ਼ਤ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਉਤਸ਼ਾਹ ਤੇ ਸਾਰਥਿਕਤਾ ਨਾਲ ਚਲਾਉਣ ਦੀ ਲੋੜ ਹੈ। ਪੰਜਾਬ ਵਿਚ ਨਰਮੇ ਦਾ ਪ੍ਰਤੀ ਹੈਕਟੇਅਰ ਝਾੜ (ਰੂੰ ਦੇ ਰੂਪ ਵਿਚ) ਸਾਲ 2017-18 ਵਿਚ 750 ਕਿਲੋਗ੍ਰਾਮ, 2018-19 ਵਿਚ 776 ਕਿਲੋਗ੍ਰਾਮ ਅਤੇ 2019-20 ਵਿਚ ਇਹ 827 ਕਿਲੋਗ੍ਰਾਮ ਤੱਕ ਜਾ ਪਹੁੰਚਿਆ ਜੋ ਹੁਣ ਤੱਕ ਦਾ ਰਿਕਾਰਡ ਝਾੜ ਸੀ। ਝੋਨੇ ਲਈ 25-30 ਪਾਣੀਆਂ ਦੇ ਮੁਕਾਬਲੇ ਨਰਮਾ ਸਿਰਫ਼ 4-6 ਪਾਣੀਆਂ ਨਾਲ ਪਲ਼ ਜਾਂਦਾ ਹੈ ਅਤੇ ਝੋਨੇ ਦੇ ਬਰਾਬਰ ਹੀ ਆਮਦਨ ਦੇ ਸਕਦਾ ਹੈ। ਇਸ ਤੋਂ ਇਲਾਵਾ ਨਰਮੇ/ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ ਤਾਂ ਸਰਕਾਰ ਵਲੋਂ ਨਿਰਧਾਰਤ ਕੀਤਾ ਜਾਂਦਾ ਹੈ ਪਰ ਬਾਸਮਤੀ ਦਾ ਨਹੀਂ। ਸਾਲ 2024-25 ਵਿਚ ਦਰਮਿਆਨੇ ਰੇਸ਼ੇ ਤੇ ਲੰਬੇ ਰੇਸ਼ੇ ਵਾਲੀ ਕਪਾਹ ਦਾ ਸਮਰਥਨ ਮੁੱਲ ਕ੍ਰਮਵਾਰ 7121 ਅਤੇ 7521 ਰੁਪਏ ਪ੍ਰਤੀ ਕੁੁਇੰਟਲ ਸੀ, ਜਿਸ ਨੂੂੰ ਸਾਲ 2025-26 ਵਿਚ 589 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਧਾ ਕੇ ਕ੍ਰਮਵਾਰ 7710 ਅਤੇ 8110 ਰੁਪਏ ਪ੍ਰਤੀ ਕੁੁਇੰਟਲ ਨਿਰਧਾਰਤ ਕੀਤਾ ਗਿਆ ਹੈ। ਸਰਕਾਰ ਵਲੋਂ ਕਪਾਹ ਦੇ ਮੰਡੀਕਰਨ ਲਈ ਸਹਾਇਤਾ ਵੀ ਮਿਲਦੀ ਹੈ ਕਿਉਂਕਿ ਜਦੋਂ ਮੰਡੀ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਆਉਂਦੀਆਂ ਹਨ ਤਾਂ ਕਿਸਾਨਾਂ ਦੀ ਉਪਜ ਨੂੰ ਨਿਰਧਾਰਤ ਮੁੱਲ 'ਤੇ ਖ਼ਰੀਦਣ ਲਈ ਭਾਰਤੀ ਕਪਾਹ ਨਿਗਮ ਮੰਡੀ ਵਿਚ ਦਾਖਲ ਹੁੰਦਾ ਹੈ। ਇਸ ਦੇ ਉਲਟ ਬਾਸਮਤੀ ਦੀਆਂ ਕੀਮਤਾਂ ਹਮੇਸ਼ਾ ਅਨਿਸ਼ਚਿਤ ਅਤੇ ਉਤਰਾਅ-ਚੜ੍ਹਾਅ ਵਾਲੀਆਂ ਰਹਿੰਦੀਆਂ ਹਨ ਕਿਉਂਕਿ ਇਹ ਨਿੱਜੀ ਵਪਾਰੀਆਂ ਦੇ ਹੱਥ ਹੁੰਦੀਆਂ ਹਨ। ਪਿਛਲੇ ਦਹਾਕੇ ਵਿਚ ਬਾਸਮਤੀ ਦੀਆਂ ਕੀਮਤਾਂ 1200 ਰੁਪਏ ਤੋਂ ਲੈ ਕੇ 5000 ਰੁਪਏ ਪ੍ਰਤੀ ਕੁਇੰਟਲ ਤੱਕ ਰਹੀਆਂ ਸਨ। ਪਿਛਲੇ ਸਾਲਾਂ ਦੀਆਂ ਕੀਮਤਾਂ ਦੇ ਰੁਝਾਨ ਤੋਂ ਸਪੱਸ਼ਟ ਹੈ ਕਿ ਬਾਸਮਤੀ ਹੇਠ ਰਕਬਾ ਵਧਣ ਨਾਲ ਇਸ ਦੀਆਂ ਕੀਮਤਾਂ ਵਿਚ ਗਿਰਾਵਟ ਆਉਂਦੀ ਹੈ, ਜਦਕਿ ਨਰਮੇ ਦਾ ਘੱਟੋ-ਘੱਟ ਸਮਰਥਨ ਮੁੱਲ ਵਧਦਾ ਹੀ ਰਹਿੰਦਾ ਹੈ। ਬਾਸਮਤੀ ਦਾ ਖ਼ਰੀਦਦਾਰ ਪ੍ਰਾਈਵੇਟ ਵਪਾਰੀ ਵਰਗ ਹੀ ਹੈ। ਬਾਸਮਤੀ ਦੇ ਭਾਅ ਇਸ ਦੇ ਨਿਰਯਾਤ 'ਤੇ ਨਿਰਭਰ ਕਰਦੇ ਹਨ। ਝੋਨੇ/ਬਾਸਮਤੀ ਦੇ ਮੁਕਾਬਲੇ ਨਰਮੇ ਦੀ ਫ਼ਸਲ ਵਿਚ ਕਾਮਿਆਂ ਲਈ ਵੀ ਵੱਧ ਕੰਮ ਹੁੰਦਾ ਹੈ ਜਿਸ ਨਾਲ ਰੁਜ਼ਗਾਰ ਦੇ ਜ਼ਿਆਦਾ ਘੰਟੇ ਉਪਲਬਧ ਹੁੰਦੇ ਹਨ। ਅੰਕੜਿਆਂ ਅਨੁਸਾਰ ਝੋਨੇ/ਬਾਸਮਤੀ ਵਿਚ ਪ੍ਰਤੀ ਏਕੜ 110 ਤੋਂ 180 ਘੰਟੇ ਕੰਮ ਮਜ਼ਦੂਰਾਂ ਨੂੰ ਮਿਲਦਾ ਹੈ, ਜਦਕਿ ਨਰਮੇ/ਕਪਾਹ ਵਿਚ 250 ਤੋਂ 400 ਘੰਟੇ ਤੱਕ ਕੰਮ ਦੀ ਲੋੜ ਹੈ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਨਰਮੇ 'ਤੇ ਹੋਣ ਵਾਲੇ ਕੀਟਾਂ ਦੇ ਹਮਲੇ ਕਾਰਨ ਕਈ ਵਾਰ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪਿਆ ਹੈ। ਖੇਤੀ ਵਿਗਿਆਨੀਆਂ, ਪਸਾਰ ਮਾਹਿਰਾਂ ਅਤੇ ਕਿਸਾਨਾਂ ਦੇ ਇਕਜੁਟ ਹੋ ਕੇ ਹੰਭਲੇ ਮਾਰਨ ਨਾਲ ਇਸ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਪਿਛਲੇ ਸਾਲ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੋਵਾਂ ਹੀ ਮਾਰੂ ਕੀੜਿਆਂ ਤੋਂ ਬਚਾਅ ਰਿਹਾ ਅਤੇ ਭਾਅ ਵੀ ਚੰਗਾ ਰਿਹਾ। ਕਿਸਾਨਾਂ ਨੂੂੰ ਸਲਾਹ ਹੈ ਕਿ ਪੰਜਾਬ ਦੀ ਨਰਮਾ ਪੱਟੀ ਵਿਚ ਧਰਤੀ ਹੇਠਲੇ ਮਾੜੇ ਪਾਣੀ ਨਾਲ ਝੋਨਾ ਉਗਾਉਣ ਨਾਲੋਂ ਨਹਿਰੀ ਪਾਣੀ ਨਾਲ ਨਰਮੇ ਦੀ ਫ਼ਸਲ ਲੈਣੀ ਹੀ ਸਿਆਣਪ ਹੋਵੇਗੀ। ਇਸ ਨਾਲ ਜਿੱਥੇ ਸਾਡੀ ਜ਼ਮੀਨ ਅਤੇ ਪਾਣੀ ਦੀ ਹੋਂਦ ਨੂੰ ਬਚਾਉਣ 'ਚ ਮਦਦ ਮਿਲੇਗੀ, ਉੱਥੇ ਰੁਜ਼ਗਾਰ ਦੇ ਮੌਕੇ ਵੀ ਵੱਧ ਪੈਦਾ ਹੋਣਗੇ। ਆਓ, ਸਾਰੇ ਰਲ ਕੇ ਹੰਭਲਾ ਮਾਰੀਏ ਤੇ ਪੰਜਾਬ ਵਿਚ ਚਿੱਟੇ ਸੋਨੇ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰੀਏ।
-ਇਕਾਨੋਮਿਕਸ ਤੇ ਸੋਸ਼ਿਆਲੋਜੀ ਵਿਭਾਗ,
ਪੀ.ਏ.ਯੂ., ਲੁਧਿਆਣਾ।
ਮੋਬਾ: 7973634974