08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਗਰਮੀ ਦੇ ਮੌਸਮ ਵਿਚ ਫ਼ਲਦਾਰ ਬੂਟਿਆਂ ਦੀ ਦੇਖਭਾਲ ਜ਼ਰੂਰੀ

Ad Position 21
No active advertisement
ਅਜੀਤ ਡੈਸਕ 03-06-2025

ਪੰਜਾਬ ਵਿਚ ਮਈ ਤੋਂ ਜੂਨ ਦੇ ਮਹੀਨਿਆਂ ਦੌਰਾਨ ਤਿੱਖੀ ਧੁੱਪ ਦੇ ਨਾਲ-ਨਾਲ ਬਹੁਤ ਜ਼ਿਆਦਾ ਗਰਮ ਤੇ ਤੇਜ਼ ਹਵਾਵਾਂ ਵੀ ਚਲਦੀਆਂ ਹਨ, ਜਿਨ੍ਹਾਂ ਨਾਲ ਫ਼ਲਦਾਰ ਬੂਟਿਆਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਮੌਸਮ ਦੌਰਾਨ ਬੂਟਿਆਂ ਦੇ ਪੱਤੇ, ਟਹਿਣੀਆਂ, ਤਣਾ ਤੇ ਫ਼ਲ ਗਲ-ਸੜ ਜਾਂਦੇ ਹਨ। ਇਸ ਤੇਜ਼ ਗਰਮੀ ਦਾ ਮਾੜਾ ਪ੍ਰਭਾਵ ਅੰਬ, ਲੀਚੀ, ਨਿੰਬੂੂ, ਅਨਾਰ ਅਤੇ ਪਪੀਤੇ 'ਤੇ ਹੋਰ ਫ਼ਲਦਾਰ ਬੂਟਿਆਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਫ਼ਲਾਂ ਦੀ ਗੁਣਵੱਤਾ ਅਤੇ ਪੈਦਾਵਾਰ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਫ਼ਲਦਾਰ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਕੁਝ ਹੇਠ ਲਿਖੇ ਢੰਗਾਂ ਨੂੰ ਅਪਣਾਇਆ ਜਾ ਸਕਦਾ ਹੈ।
ਪਾਣੀ ਲਗਾਉਣਾ : ਫ਼ਲਦਾਰ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਲਗਾਉਣ ਨਾਲ ਬੂਟਿਆਂ ਦੀ ਹੇਠਲੀ ਮਿੱਟੀ ਦਾ ਤਾਪਮਾਨ ਘਟ ਜਾਂਦਾ ਹੈ ਅਤੇ ਬੂਟਿਆਂ 'ਤੇ ਲੱਗੇ ਫ਼ਲ ਘੱਟ ਮਾਤਰਾ 'ਚ ਫਟਦੇ ਹਨ। ਜ਼ਿਆਦਾ ਗਰਮੀ ਵਿਚ ਫ਼ਲਦਾਰ ਬੂਟਿਆਂ 'ਤੇ ਪਾਣੀ ਦਾ ਛਿੜਕਾਅ ਕਰਨ ਨਾਲ ਗਰਮੀ ਤੋਂ ਹੋਣ ਵਾਲੇ ਨੁਕਸਾਨ ਤੋਂ ਬੂਟਿਆਂ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਵੱਖ-ਵੱਖ ਫ਼ਲਦਾਰ ਬੂਟਿਆਂ ਨੂੰ ਇਸ ਪ੍ਰਕਾਰ ਸਿਫ਼ਾਰਸ਼ਾਂ ਅਨੁਸਾਰ ਹੀ ਪਾਣੀ ਲਗਾਇਆ ਜਾਵੇ।
ਨਿੰਬੂ ਜਾਤੀ ਦੇ ਫ਼ਲ: ਤਿੰਨ-ਚਾਰ ਸਾਲ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀਆਂ ਵਿਚ ਇਕ ਹਫ਼ਤੇ ਦੇ ਵਕਫ਼ੇ 'ਤੇ ਪਾਣੀ ਲਗਾਓ ਕਿਉਂਕਿ ਅਪ੍ਰੈਲ ਮਹੀਨੇ ਵਿਚ ਇਨ੍ਹਾਂ ਦੇ ਫ਼ਲ ਬਣਦੇ ਹਨ, ਜੋ ਗਰਮ ਮੌਸਮ ਕਾਰਨ ਜ਼ਿਆਦਾ ਝੜਦੇ ਤੇ ਫਟਦੇ ਹਨ।
ਅੰਬ: ਅੰਬ ਦੇ ਛੋਟੇ ਬੂਟਿਆਂ ਦੀਆਂ ਜੜ੍ਹਾਂ ਬਹੁਤ ਘੱਟ ਡੂੰਘੀਆਂ ਹੁੰਦੀਆਂ ਹਨ, ਸੋ ਇਨ੍ਹਾਂ ਨੂੰ ਖੁਸ਼ਕ ਅਤੇ ਗਰਮ ਮੌਸਮ ਦੌਰਾਨ ਜ਼ਿਆਦਾ ਵਾਰ ਪਾਣੀ ਦੀ ਲੋੜ ਪੈਂਦੀ ਹੈ। ਪਰ ਵੱਡੇ ਬੂਟਿਆਂ ਨੂੰ ਫ਼ਲਾਂ ਦੇ ਵਾਧੇ ਲਈ ਮਾਰਚ- ਜੂਨ ਦੇ ਅਖੀਰ ਤੱਕ 10-12 ਦਿਨਾਂ ਬਾਅਦ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਤੇ ਫ਼ਲ ਲੱਗੇ ਅੰਬਾਂ ਦੇ ਬੂਟਿਆਂ ਨੂੰ ਸਮੇਂ ਸਿਰ ਸਿੰਚਾਈ ਕਰਨ ਨਾਲ ਫ਼ਲ ਦਾ ਕੇਰਾ ਵੀ ਘੱਟ ਹੋ ਜਾਂਦਾ ਹੈ।
ਲੀਚੀ: ਲੀਚੀ ਦੇ ਛੋਟੇ ਅਤੇ ਫ਼ਲ ਲੱਗੇ ਬੂਟਿਆਂ ਨੂੰ ਇਸ ਮੌਸਮ ਵਿਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਪੈਂਦੀ ਹੈ। ਛੋਟੇ ਲੀਚੀ ਦੇ ਬੂਟਿਆਂ ਨੂੰ ਹਫ਼ਤੇ ਬਾਅਦ ਪਾਣੀ ਜ਼ਰੂਰ ਲਗਾ ਦੇਣਾ ਚਾਹੀਦਾ ਹੈ। ਲੀਚੀ ਦੇ ਫ਼ਲਾਂ ਦੇ ਚੰਗੇ ਵਾਧੇ ਲਈ ਬੂਟਿਆਂ ਨੂੰ ਅਪ੍ਰੈਲ-ਜੂਨ ਤੱਕ ਹਫ਼ਤੇ ਵਿਚ ਦੋ ਵਾਰ ਪਾਣੀ ਦਿਓ ਅਤੇ ਇਸ ਦੇ ਨਾਲ ਫ਼ਲਾਂ ਦੇ ਕੇਰੇ ਅਤੇ ਫਟਣ ਦੀ ਸਮੱਸਿਆ ਵੀ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੀ ਹੈ।
ਅਲੂਚਾ: ਅਲੂਚੇ ਦੇ 3-4 ਸਾਲ ਦੇ ਬੂਟਿਆਂ ਨੂੰ ਗਰਮੀਆਂ ਵਿਚ 4-5 ਦਿਨਾਂ ਬਾਅਦ ਅਤੇ ਫ਼ਲ ਲੱਗੇ ਬੂਟਿਆਂ ਨੂੰ ਹਫ਼ਤੇ ਮਗਰੋਂ ਸਿੰਚਾਈ ਕਰੋ।
ਆੜੂ: ਆੜੂ ਵਿਚ ਫ਼ਲ ਪੱਕਣ ਤੋਂ 25-30 ਦਿਨ ਪਹਿਲਾਂ ਬੂਟਿਆਂ ਦੀ ਸਿੰਚਾਈ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੈ ਕਿਉਂਕਿ ਇਸ ਵੇਲੇ ਬੂਟਿਆਂ ਦੇ ਫ਼ਲਾਂ ਦਾ ਭਾਰ ਬਹੁਤ ਹੀ ਤੇਜ਼ੀ ਨਾਲ ਵਧਦਾ ਹੈ। ਇਸ ਕਰਕੇ ਆੜੂ ਦੇ ਬੂਟਿਆਂ ਨੂੰ ਅਪ੍ਰੈਲ-ਜੂਨ ਅਖੀਰ ਤੱਕ ਲਗਭਗ ਹਫ਼ਤੇ ਤੋਂ 10 ਦਿਨਾਂ ਦੇ ਵਕਫ਼ੇ 'ਤੇ ਪਾਣੀ ਲਗਾ ਦੇਣਾ ਚਾਹੀਦਾ ਹੈ।
ਨਾਸ਼ਪਾਤੀ: ਨਾਸ਼ਪਾਤੀ ਦੇ ਛੋਟੇ ਬੂਟਿਆਂ ਨੂੰ 10 ਦਿਨਾਂ ਬਾਅਦ ਪਾਣੀ ਲਗਾਓ ਅਤੇ ਵੱਡੇ ਫ਼ਲ ਦਿੰਦੇ ਪੌਦਿਆਂ ਉੱਪਰ ਲੱਗੇ ਫ਼ਲਾਂ ਦੇ ਚੰਗੇ ਵਾਧੇ ਅਤੇ ਆਕਾਰ ਲਈ 5-7 ਦਿਨਾਂ ਦੇ ਫ਼ਰਕ 'ਤੇ ਖੁੱਲ੍ਹਾ ਪਾਣੀ ਲਗਾਓ।
ਅਮਰੂਦ: ਨਵੇਂ ਲਗਾਏ ਅਮਰੂਦਾਂ ਦੇ ਪੌਦਿਆਂ ਨੂੰ ਹਫ਼ਤੇ ਵਿਚ ਇਕ ਵਾਰੀ ਅਤੇ ਵੱਡੇ ਫੁੱਲ ਲੱਗੇ ਬੂਟਿਆਂ ਨੂੰ ਦੋ-ਤਿੰਨ ਹਫ਼ਤਿਆਂ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ।
ਛੋਟੇ ਬੂਟਿਆਂ ਨੂੰ ਢਕਣਾ : ਛੋਟੇ ਲਗਾਏ ਬੂਟਿਆਂ 'ਤੇ ਸਰਕੰਡਾ, ਪਰਾਲੀ ਤੇ ਘਾਹ-ਫੂਸ ਦੇ ਪੱਤਿਆਂ ਨਾਲ ਕੁੱਲੀ ਜਾਂ ਛੱਪਰੀ ਬਣਾ ਕੇ ਇਨ੍ਹਾਂ ਨੂੰ ਸੂਰਜ ਦੀ ਤਿੱਖੀ ਧੁੱਪ ਤੋਂ ਬਚਾਇਆ ਜਾ ਸਕਦਾ ਹੈ।
ਹਵਾ ਰੋਕੂ ਵਾੜ ਲਗਾਉਣਾ : ਫ਼ਲਦਾਰ ਬੂਟਿਆਂ ਦਾ ਬਾਗ਼ ਲਗਾਉਣ ਤੋਂ ਪਹਿਲਾਂ ਇਸ ਦੇ ਆਲੇ-ਦੁਆਲੇ ਹਵਾ ਰੋਕੂ ਦਰੱਖਤਾਂ ਦੀ ਵਾੜ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਫ਼ਲਦਾਰ ਬੂਟੇ ਲਗਾਉਣ ਤੋਂ ਪਹਿਲਾਂ ਵਾੜ ਵਾਲੇ ਬੂਟੇ ਕਾਫ਼ੀ ਉੱਚੇ ਹੋ ਜਾਣ। ਖ਼ਾਸ ਤੌਰ 'ਤੇ ਬਾਗ਼ ਦੇ ਚਾਰੇ ਪਾਸੇ ਦੱਖਣ-ਪੱਛਮ ਦਿਸ਼ਾ ਵੱਲ ਸਫੈਦਾ, ਅੰਬ, ਜਾਮੁਣ, ਅਰਜੁਨ, ਬਿੱਲ, ਟਾਹਲੀ, ਸ਼ਹਿਤੂਤ ਆਦਿ ਦਰੱਖ਼ਤ ਲਗਾ ਦਿਓ। ਇਨ੍ਹਾਂ ਵਾੜ ਵਾਲੇ ਬੂਟਿਆਂ ਵਿਚਕਾਰ ਗਲਗਲ, ਜੱਟੀ-ਖੱਟੀ, ਕਰੌਂਦਾ ਆਦਿ ਦੀ ਵਾੜ ਲਗਾ ਦਿਓ। ਵਾੜ ਲਗਾਉਣ ਲੱਗਿਆਂ ਇਕ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਨਿੰਬੂ ਜਾਤੀ ਦੇ ਬਾਗ਼ ਵਾਲੇ ਬੂਟਿਆਂ ਦੇ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ ਹੈ। ਇਨ੍ਹਾਂ ਹਵਾ ਰੋਕੂ ਵਾੜ ਨਾਲ ਤੇਜ਼ ਹਨੇਰੀਆਂ ਅਤੇ ਝੱਖੜ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਦਰੱਖ਼ਤਾਂ ਦੇ ਤਣਿਆਂ 'ਤੇ ਸਫੈਦੀ ਕਰਨੀ : ਫ਼ਲਦਾਰ ਬੂਟਿਆਂ ਨੂੰ ਧੁੱਪ/ਗਰਮੀ ਤੋਂ ਬਚਾਉਣ ਲਈ ਇਨ੍ਹਾਂ ਦੇ ਤਣਿਆਂ 'ਤੇ ਸਫੈਦੀ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਸਫੈਦ ਰੰਗ ਰੌਸ਼ਨੀ ਨੂੰ ਬੂਟੇ ਅੰਦਰ ਜਾਣ ਨਹੀਂ ਦਿੰਦਾ ਅਤੇ ਬੂਟਿਆਂ ਦੇ ਤਣੇ ਤੇਜ਼ ਧੁੱਪ ਤੇ ਬੁਰੇ ਪ੍ਰਭਾਵ ਤੋਂ ਬਚ ਜਾਂਦੇ ਹਨ। ਫ਼ਲਦਾਰ ਬੂਟਿਆਂ ਦੇ ਤਣਿਆਂ 'ਤੇ ਸਫੈਦੀ ਕਰਨ ਨਾਲ ਇਨ੍ਹਾਂ ਉੱਪਰ ਲੱਗੇ ਹਾਨੀਕਾਰਕ ਕੀੜੇ-ਮਕੌੜੇ ਮਰ ਜਾਂਦੇ ਹਨ। ਇਸ ਤੋਂ ਇਲਾਵਾ ਸਫੈਦੀ ਵਿਚ ਨੀਲਾਥੋਥਾ ਮਿਲਾਉਣ ਨਾਲ ਬੂਟਿਆਂ ਨੂੰ ਉੱਲੀ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਫ਼ਲਦਾਰ ਬੂਟਿਆਂ ਨੂੰ ਸਫੈਦੀ ਅਪ੍ਰੈਲ ਜਾਂ ਮਈ ਵਿਚ ਕਰੋ ਅਤੇ ਫਿਰ ਦੁਬਾਰਾ ਜੂਨ-ਜੁਲਾਈ ਵਿਚ।
ਬੂਟਿਆਂ ਦੇ ਤਣੇ ਨੂੰ ਢਕਣਾ : ਫ਼ਲਦਾਰ ਬੂਟਿਆਂ ਦੇ ਹੇਠਾਂ ਤਣੇ ਵਾਲੇ ਹਿੱਸੇ ਨੂੰ ਕਿਸੇ ਪੁਰਾਣੇ ਗਨੀਬੈਗ, ਪਰਾਲੀ ਜਾਂ ਗੰਨੇ ਦੇ ਖੋਰੀ ਨਾਲ ਢਕ ਦਿਓ। ਇਸ ਤਰ੍ਹਾਂ ਕਰਨ ਨਾਲ ਬੂਟਿਆਂ ਦੇ ਤਣੇ ਨੂੰ ਗਰਮੀ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਜੈਵਿਕ ਸ਼ੌਰਾ ਕਰਨਾ ਪਰਾਲੀ, ਗੰਨੇ ਦੇ ਖੋਰੀ ਅਤੇ ਘਾਹ-ਫੂਸ ਨਾਲ ਬੂਟਿਆਂ ਦੇ ਹੇਠਲੀ ਮਿੱਟੀ ਨੂੰ ਚੰਗੀ ਤਰ੍ਹਾਂ ਨਾਲ ਢਕ ਦਿਓ ਤਾਂ ਕਿ ਬੂਟਿਆਂ ਦੇ ਆਲੇ-ਦੁਆਲੇ ਨਮੀ ਦੀ ਮਾਤਰਾ ਬਣੀ ਰਹੇ ਅਤੇ ਬੂਟਿਆਂ ਨੂੰ ਤੇਜ਼ ਗਰਮੀ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕੇ।
ਫ਼ਲਦਾਰ ਬੂਟਿਆਂ ਦੀ ਸਿਧਾਈ ਕਰਨੀ : ਇਹ ਵੇਖਣ ਵਿਚ ਆਇਆ ਹੈ ਕਿ ਜ਼ਿਆਦਾ ਉੱਚੇ ਕੱਦ ਵਾਲੇ ਬੂਟਿਆਂ ਦੇ ਮੁਕਾਬਲੇ ਨੀਂਵੇਂ ਕੱਦ ਵਾਲੇ ਸੂਰਜ ਦੀ ਤੇਜ਼ ਧੁੱਪ ਦੇ ਮਾੜੇ ਅਸਰ ਹੇਠ ਜ਼ਿਆਦਾ ਆਉਂਦੇ ਹਨ। ਇਸ ਲਈ ਬਾਗਬਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗਰਮ ਅਤੇ ਖੁਸ਼ਕ ਇਲਾਕਿਆਂ ਵਿਚ ਫਲਦਾਰ ਬੂਟਿਆਂ ਦੀ ਸਿਧਾਈ ਇਸ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦਾ ਕੱਦ ਛੋਟਾ ਰਹੇ ਤਾਂ ਜੋ ਤੇਜ਼ ਚੱਲਣ ਵਾਲੀਆਂ ਹਨੇਰੀਆਂ ਦਾ ਅਸਰ ਛੋਟੇ ਕੱਦ ਵਾਲੇ ਬੂਟਿਆਂ 'ਤੇ ਘੱਟ ਪਵੇ ਅਤੇ ਇਸ ਤੋਂ ਇਲਾਵਾ ਛੋਟੇ ਕੱਦ ਵਾਲੇ ਲੀਚੀ ਦੇ ਬੂਟਿਆਂ 'ਤੇ ਲੱਗਿਆ ਫ਼ਲ ਉੱਚੇ ਕੱਦ ਵਾਲੇ ਲੀਚੀ ਦੇ ਬੂਟਿਆਂ ਨਾਲੋਂ ਘੱਟ ਫਟਦਾ ਹੈ।
ਇਸ ਤਰ੍ਹਾਂ ਉੱਪਰ ਦੱਸੇ ਨੁਕਤਿਆਂ ਨੂੰ ਅਮਲ ਵਿਚ ਲਿਆ ਕੇ ਫ਼ਲਦਾਰ ਬੂਟਿਆਂ ਨੂੰ ਗਰਮੀਆਂ ਦੇ ਮੌਸਮ ਦੇ ਮਾੜੇ ਪ੍ਰਭਾਵ ਤੋਂ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ।

-ਪੀ.ਏ.ਯੂ. ਖੇਤਰੀ ਕੇਂਦਰ, ਗੁਰਦਾਸਪੁਰ।

Ad Position 22
No active advertisement
ਪਿਛਲੀ ਖ਼ਬਰ ਘਰ ਦਾ ਅਚਾਰ ਹੋਵੇ ਅਗਲੀ ਖ਼ਬਰ ਚਿੱਟੇ ਸੋਨੇ ਦਾ ਮਾਣਮੱਤਾ ਰੁਤਬਾ ਬਚਾਉਣਾ ਬਹੁਤ ਜ਼ਰੂਰੀ
Ad Position 24