12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੂਖਮ ਜੀਵ

Ad Position 21
No active advertisement
ਅਜੀਤ ਡੈਸਕ 27-09-2025

ਬੱਚਿਓ ! ਕੀ ਤੁਸੀਂ ਜਾਣਦੇ ਹੋ ਕਿ ਸਾਡੇ ਆਲੇ-ਦੁਆਲੇ ਵੱਖ-ਵੱਖ ਕਿਸਮਾਂ ਦੇ ਜੀਵ ਪਾਏ ਜਾਂਦੇ ਹਨ। ਇਹ ਆਕਾਰ ਵਿਚ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ। ਇਨ੍ਹਾਂ ਨੂੰ ਆਮ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਸੂਖਮਜੀਵਾਂ ਨੂੰ ਦੇਖਣ ਲਈ ਸੂਖਮਦਰਸ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਸੂਖਮਜੀਵਾਂ ਨੂੰ ਆਮ ਕਰਕੇ ਜੀਵਾਣੂ, ਵਿਸ਼ਾਣੂ, ਪ੍ਰੋਟੋਜੋਆ, ਕਾਈਆਂ ਆਦਿ ਵਰਗਾਂ ਵਿਚ ਵੰਡਿਆ ਗਿਆ ਹੈ। ਸੂਖਮਜੀਵ ਸਾਡੇ ਲਈ ਨੁਕਸਾਨਦਾਇਕ ਵੀ ਹੁੰਦੇ ਹਨ ਤੇ ਫਾਇਦੇਮੰਦ ਵੀ। ਹਾਨੀਕਾਰਕ ਇਸ ਲਈ ਕਿਉਂਕਿ ਇਹ ਜੰਤੂਆਂ ਅਤੇ ਪੌਦਿਆਂ ਵਿਚ ਬਿਮਾਰੀਆਂ ਦਾ ਕਾਰਨ ਬਣਦੇ ਹਨ। ਪਰ ਕੁਝ ਸੂਖਮਜੀਵ ਜਿਵੇਂ ਕਿ ਲੈਕਟੋਬੇਸੀਲਸ ਨਾਂਅ ਦਾ ਜੀਵਾਣੂ ਦੁੱਧ ਤੋਂ ਦਹੀਂ ਬਣਾਉਣ ਵਿਚ ਅਹਿਮ ਰੋਲ ਨਿਭਾਉਂਦਾ ਹੈ। ਖਮੀਰ (ਉੱਲੀ) ਫਲਾਂ ਦੇ ਰਸ ਵਿਚ ਮੌਜੂਦ ਸ਼ੱਕਰ ਨੂੰ ਤੋੜ ਕੇ ਖਮੀਰਨ ਕਿਰਿਆ ਵਿਚ ਸਹਾਈ ਹੁੰਦੀ ਹੈ, ਜਿਸ ਦੇ ਫਲਸਰੂਪ ਫਲ ਰਸ ਜਾਂ ਜੂਸ ਤੋਂ ਅਲਕੋਹਲ ਬਣਦਾ ਹੈ। ਖਮੀਰ ਦੀ ਵਰਤੋਂ ਬੇਕਰੀ ਉਤਪਾਦਾਂ ਮਤਲਬ ਡਬਲਰੋਟੀ, ਬਰੈੱਡ, ਪੇਸਟਰੀ, ਇਡਲੀ ਆਦਿ ਬਣਾਉਣ ਵਿਚ ਕੀਤੀ ਜਾਂਦੀ ਹੈ। ਖਮੀਰ ਸੈਲ ਆਟੇ ਜਾਂ ਮੈਦੇ ਨਾਲ ਕਿਰਿਆ ਕਰਦੇ ਹਨ, ਜਿਸ ਦੇ ਫਲਸਵਰੂਪ ਕਾਰਬਨਡਾਈਆਕਸਾਈਡ ਗੈਸ ਬਣਦੀ ਹੈ, ਜੋ ਆਟੇ ਨੂੰ ਫੁਲਾਉਣ ਦਾ ਕੰਮ ਕਰਦੀ ਹੈ। ਕੁਦਰਤ ਵਿਚ ਪਦਾਰਥਾਂ ਦੇ ਮੁੜ ਚੱਕਰਨ, ਮਲ ਪ੍ਰਵਾਹ ਦੇ ਨਿਪਟਾਰੇ ਅਤੇ ਦਵਾਈਆਂ ਦੇ ਉਤਪਾਦਨ, ਰੇਸ਼ਿਆਂ ਦੇ ਅਪਗਲਣ, ਚਮੜਾ ਰੰਗਣ, ਨਾਈਟ੍ਰੋਜਨ ਸਥਿਰੀਕਰਨ ਆਦਿ ਕਿਰਿਆਵਾਂ ਵਿਚ ਸੂਖਮਜੀਵ ਸਹਾਈ ਹੁੰਦੇ ਹਨ। ਬੱਚਿਓ! ਕੀ ਤੁਹਾਨੂੰ ਪਤਾ ਹੈ ਕਿ ਵਿਗਿਆਨੀ ਐਂਟੋਨੀ ਵੈਨ ਲਿਊਵੇਨਹਾਕ ਨੇ ਸੂਖਮਦਰਸ਼ੀ ਦੀ ਮਦਦ ਨਾਲ ਸਭ ਤੋਂ ਪਹਿਲਾਂ ਸੂਖਮਜੀਵਾਂ ਨੂੰ ਦੇਖਿਆ ਅਤੇ ਵਿਆਖਿਆ ਕੀਤੀ। ਇਹ ਇਕ ਡੱਚ ਵਿਗਿਆਨੀ ਸੀ, ਜਿਸ ਦਾ ਜਨਮ 24 ਅਕਤੂਬਰ, 1632 ਨੂੰ ਨੀਦਰਲੈਂਡ ਵਿਖੇ ਹੋਇਆ। ਇਸ ਨੂੰ ਮਾਈਕਰੋਬਾਇਲੋਜੀ ਦੇ ਪਿਤਾ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਪਹਿਲਾ ਵਿਅਕਤੀ ਸੀ, ਜਿਸ ਨੇ ਸੂਖਮਦਰਸ਼ੀ ਰਾਹੀਂ ਜੀਵਾਣੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਦੱਸਿਆ ਕਿ ਇਹ ਹਰ ਜਗ੍ਹਾ ਹਵਾ, ਪਾਣੀ ਮਿੱਟੀ ਇੱਥੋਂ ਤੱਕ ਕਿ ਸਾਡੇ ਦੰਦਾਂ ਵਿਚ ਵੀ ਪਾਏ ਜਾਂਦੇ ਹਨ। ਇਸ ਡੱਚ ਵਿਗਿਆਨੀ ਨੇ ਸੂਖਮਜੀਵਾਂ ਦਾ ਵਿਸ਼ਲੇਸ਼ਣ ਐਨੀਮਲਕਿਊਲਸ (ਛੋਟੇ ਜਾਨਵਰ) ਵਜੋਂ ਕੀਤਾ। ਇਸ ਪਹਿਲੇ ਮਾਈਕਰੋਬਾਇਲੋਜੀ ਦੀ ਮਹਾਨ ਖੋਜ ਸਦਕਾ ਮਾਈਕਰੋਬਾਇਲੋਜੀ ਵਿਗਿਆਨ (ਸੂਖਮਜੀਵਾਂ ਸੰਬੰਧੀ ਅਧਿਐਨ) ਵਿਸ਼ੇ ਦੀ ਵੱਖਰੀ ਬਰਾਂਚ ਵਜੋਂ ਸਥਾਪਿਤ ਹੋ ਗਈ। ਹਾਕ ਦੇ ਪਿਤਾ ਜੀ ਟੋਕਰੀਆਂ ਬਣਾਉਣ ਦਾ ਕੰਮ ਕਰਦੇ ਸਨ, ਜੋ ਇਸ ਨੂੰ ਪੰਜ ਸਾਲ ਦੀ ਉਮਰ ਵਿਚ ਹੀ ਛੱਡ ਗਏ। ਉਨ੍ਹਾਂ ਦੇ ਮਾਤਾ ਜੀ ਦੇ ਦੂਜੇ ਵਿਆਹ ਤੋਂ ਬਾਅਦ ਉਹ ਪਰਿਵਾਰ ਸਮੇਤ ਦੂਸਰੀ ਜਗ੍ਹਾ 'ਤੇ ਚਲੇ ਗਏ। ਉੱਥੇ ਉਹ ਕੁਝ ਸਮਾਂ ਕਿਤਾਬਾਂ ਦੀ ਦੁਕਾਨ 'ਤੇ ਕੈਸ਼ੀਅਰ ਵਜੋਂ ਕੰਮ ਕੀਤਾ ਤੇ ਬਾਅਦ ਵਿਚ ਕੱਪੜੇ ਵੇਚਣ ਦਾ ਕੰਮ ਵੀ ਕੀਤਾ। ਆਪਣੇ ਵਿਆਹ ਤੋਂ ਬਾਅਦ ਹਾਕ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਉਹ ਅਕਸਰ ਕੱਪੜੇ ਦੀ ਦੁਕਾਨ ਤੇ ਧਾਗਿਆਂ ਦੀ ਕੁਆਲਿਟੀ ਬਾਰੇ ਵੱਡਦਰਸ਼ੀ ਲੈਂਜ ਦੁਆਰਾ ਨਿਰੀਖਣ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਕਰਦੇ-ਕਰਦੇ ਉਨ੍ਹਾਂ ਨੇ ਪਹਿਲਾ ਸਭ ਤੋਂ ਛੋਟਾ ਕੁਆਲਿਟੀ ਲੈਂਸ ਬਣਾ ਦਿੱਤਾ ਤੇ ਹੌਲੀ-ਹੌਲੀ ਮਧੂਮੱਖੀਆਂ, ਲਾਈਸ ਅਤੇ ਉੱਲੀਆਂ ਤੇ ਪ੍ਰਯੋਗ ਕਰਦੇ ਹੋਏ ਸੂਖਮ ਜਗਤ ਦੀ ਦੁਨੀਆ ਵਿਚ ਪ੍ਰਵੇਸ਼ ਕਰ ਲਿਆ।

-ਝੰਡ, ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਭਲਾ ਬੁੱਝੋ ਖਾਂ ਅਗਲੀ ਖ਼ਬਰ ਅਸੀਂਦੁਸਹਿਰਾ ਵੇਖਣ ਚੱਲੇ
Ad Position 24